ਤਲਵੰਡੀ ਸਾਬੋ, 18 ਜੁਲਾਈ (ਰਣਜੀਤ ਸਿੰਘ ਰਾਜੂ)-ਪੰਜਾਬ ਸਟੇੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ (ਪੀ. ਐਸ. ਟੀ. ਸੀ. ਐਲ.) ’ਚ ਹੋਈਆਂ ਭਰਤੀਆਂ ਦੌਰਾਨ ਰਾਜਸਥਾਨ ਦੇ ਇਕੋ ਜ਼ਿਲ੍ਹੇ ਦੇ 14 ਵਿਅਕਤੀਆਂ ਨੂੰ ਨੌਕਰੀ ਲਈ ਚੁਣੇ ਜਾਣ ’ਤੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿਘ ਨੇ ਹੈਰਾਨੀ ਪ੍ਰਗਟਾਈ ਹੈ।ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੀ.ਐਸ.ਟੀ.ਸੀ.ਐਲ. ਪੰਜਾਬ ਦਾ ਸਰਕਾਰੀ ਅਦਾਰਾ ਹੈ ਪਰ ਇਸ ਵਿਚ ਭਰਤੀਆਂ ਦੌਰਾਨ ਇਕ ਵੀ ਪੰਜਾਬੀ ਨੌਜਵਾਨ ਨੂੰ ਮੌਕਾ ਨਾ ਮਿਲਣਾ ਅਤੇ ਚੁਣੇ ਗਏ ਉਮੀਦਵਾਰਾਂ ਦਾ ਵੱਡਾ ਹਿੱਸਾ (14 ਉਮੀਦਵਾਰ) ਰਾਜਸਥਾਨ ਦੇ ਇਕੋ ਜ਼ਿਲ੍ਹੇ ਸ੍ਰੀ ਗੰਗਾਨਗਰ ਨਾਲ ਸੰਬੰਧਿਤ ਹੋਣਾ ਗੰਭੀਰ ਸਵਾਲ ਖੜ੍ਹੇ ਕਰਦਾ ਹੈ ਕਿ ਕੀ ਇਹ ਸਿਰਫ਼ ਇਤਫਾਕ ਹੈ ਜਾਂ ਫਿਰ ਭਰਤੀ ਪ੍ਰਕ੍ਰਿਆ ’ਚ ਕੋਈ ਵੱਡਾ ਘਪਲਾ ਹੋਇਆ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਸਰਕਾਰ ਨੂੰ ਸਵਾਲ ਕੀਤਾ ਕਿ ਉਹ ਲੋਕਾਂ ਨੂੰ ਦੱਸੇ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕਿਆਂ ਤੋਂ ਵਾਂਝੇ ਰੱਖ ਕੇ ਸਰਕਾਰ ਬਾਹਰਲੇ ਸੂਬਿਆਂ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਕਿਉਂ ਦੇ ਰਹੀ ਹੈ।