ਜਲੰਧਰ, 21 ਜੁਲਾਈ (ਸ਼ਿਵ)-ਕਰੀਬ ਚਾਰ ਸਾਲ ਬਾਅਦ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ਦੁਬਾਰਾ ਵਧਣ ਲੱਗ ਗਈਆਂ ਹਨ, ਜਿਸ ਕਰਕੇ ਖਾਣ ਵਾਲੇ ਤੇਲ ਇਕ ਮਹੀਨੇ ਵਿਚ ਹੀ 23 ਰੁਪਏ ਕਿਲੋ ਮਹਿੰਗੇ ਹੋ ਗਏ ਹਨ। ਥੋਕ ਬਾਜ਼ਾਰ ਕਾਰੋਬਾਰੀ ਖੇਤਰਾਂ ਦਾ ਕਹਿਣਾ ਹੈ ਕਿ ਜੇਕਰ ਇਸ ਵੇਲੇ ਪੱਛਮੀ ਏਸ਼ੀਆ ਵਿਚ ਫਿਰ ਖ਼ਰਾਬ ਹੋਏ ਹਲਾਤ ਜਲਦੀ ਠੀਕ ਨਾ ਹੋਏ ਤਾਂ ਖਾਣ ਵਾਲੇ ਤੇਲਾਂ ਦੇ ਨਾਲ ਹੋਰ ਦੂਜੇ ਤੇਲਾਂ ਦੀਆਂ ਕੀਮਤਾਂ ਵੀ ਵਧਣ ਲੱਗ ਪਈਆਂ ਹਨ। ਇਕ ਮਹੀਨੇ ਪਹਿਲਾਂ ਜਿਹੜੇ ਖਾਣ ਵਾਲੇ ਤੇਲ 165 ਰੁਪਏ ਥੋਕ ਬਾਜ਼ਾਰ ਵਿਚ ਵਿਕ ਰਹੇ ਸੀ। ਉਨ੍ਹਾਂ ਦੀ ਕੀਮਤ ਹੁਣ 188 ਰੁਪਏ ਪੁੱਜ ਗਈ ਹੈ।ਪਰਚੂਨ ਵਿਚ ਇਨ੍ਹਾਂ ਦੀਆਂ ਕੀਮਤਾਂ ਹੋਰ ਵਧ ਜਾਣ ਦੀ ਸੰਭਾਵਨਾ ਹੈ। ਅਮਰੀਕਾ ਵਲੋਂ ਈਰਾਨ ’ਤੇ ਹਮਲਿਆਂ ਦੀ ਗਿਣਤੀ ਵਧਣ ਤੋਂ ਬਾਅਦ ਕਾਰੋਬਾਰੀ ਹਲਕੇ ਵੀ ਚਿੰਤਾ ਜ਼ਾਹਰ ਕਰ ਰਹੇ ਹਨ। ਇਸ ਵੇਲੇ ਸਭ ਤੋਂ ਜ਼ਿਆਦਾ ਕੀਮਤਾਂ ਕਾਟਨ ਤੇਲ ਦੀਆਂ ਵਧੀਆਂ ਹਨ ਅਤੇ ਇਸ ਵਿਚ ਤੇਜ਼ੀ ਨੂੰ ਦੇਖਦੇ ਹੋਏ ਸੋਇਆ ਤੇਲ, ਪਾਮ ਤੇਲ ਤੇ ਸਰੋਂ ਦੇ ਤੇਲ ਦੀਆਂ ਕੀਮਤਾਂ ਵਿਚ ਵੀ ਵਾਧਾ ਹੋਣ ਦੀ ਸੰਭਾਵਨਾ ਹੈ। ਖਾਣ ਵਾਲੇ ਤੇਲਾਂ ਵਿਚ ਇਹ ਤੇਜ਼ੀ ਪਹਿਲਾਂ ਕੋਰੋਨਾ ਮਹਾਂਮਾਰੀ ਤੋਂ ਬਾਅਦ ਦੇਖੀ ਗਈ ਸੀ, ਜਦੋਂ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ 165 ਰੁਪਏ ਤੋਂ 215 ਰੁਪਏ ਤੱਕ ਪੁੱਜ ਗਈਆਂ ਸੀ। ਕਾਰੋਬਾਰੀ ਸੂਤਰਾਂ ਮੁਤਾਬਕ ਦੇਸ਼ ਵਿਚ ਜ਼ਿਆਦਾਤਰ ਕਈ ਤੇਲਾਂ ਦੀ ਦਰਾਮਦ ਕੀਤੀ ਜਾਂਦੀ ਹੈ। ਇਨ੍ਹਾਂ ਵਿਚ ਸਭ ਤੋਂ ਜ਼ਿਆਦਾ ਦਰਾਮਦ ਪਾਮ ਤੇਲਾਂ ਦੀ ਹੁੰਦੀ ਹੈ, ਜਿਹੜੇ ਕਿ ਇੰਡੋਨੇਸ਼ੀਆ ਅਤੇ ਮਲੇਸ਼ੀਆ ਤੋਂ ਵੱਡੀ ਮਾਤਰਾ ਵਿਚ ਆਉਂਦੇ ਹਨ। ਦੇਸ਼ ਵਿਚ ਸਾਲਾਨਾ ਪ੍ਰਤੀ ਵਿਅਕਤੀ ਖਾਣ ਦੇ ਤੇਲ ਦੀ ਖਪਤ 19 ਲੀਟਰ ਦੇ ਕਰੀਬ ਹੈ । ਦੇਸ਼ ਦੀ ਕੁੱਲ ਮੰਗ ਦਾ 50 ਫ਼ੀਸਦੀ ਹਿੱਸਾ ਵਿਸ਼ੇਸ਼ ਤੌਰ ’ਤੇ ਪਾਮ ਤੇਲ ਸੋਇਆਬੀਨ, ਸੂਰਜਮੁਖੀ ਵਿਦੇਸ਼ਾਂ ਤੋਂ ਮੰਗਵਾਇਆ ਜਾਂਦਾ ਹੈ।ਦੇਸ਼ ਵਿਚ ਹਰ ਸਾਲ ਕਰੀਬ 2.5 ਕਰੋੜ ਟਨ (ਮੀਟਰਿਕ ਟਨ) ਖਾਣੇ ਦੇ ਤੇਲ ਦੀ ਖਪਤ ਹੁੰਦੀ ਹੈ।
ਇਕ ਮਹੀਨੇ ’ਚ ਖਾਣ ਵਾਲੇ ਤੇਲ 23 ਰੁਪਏ ਕਿੱਲੋ ਮਹਿੰਗੇ, ਪੱਛਮੀ ਏਸ਼ੀਆ ਦੇ ਖ਼ਰਾਬ ਹਲਾਤਾਂ ਦਾ ਦਿੱਖਣ ਲੱਗਾ ਅਸਰ
ਅਜੀਤ ਡੈਸਕ
22-07-2026