10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਬਮਿਆਲ ਵਿਖੇ ਜਲਾਲੀ ਦਰਿਆ ’ਚ ਆਇਆ ਹੜ੍ਹ

ਅਜੀਤ ਡੈਸਕ 22-07-2026

ਬਮਿਆਲ, 21 ਜੁਲਾਈ (ਰਕੇਸ਼ ਸ਼ਰਮਾ)-2026 ਦੀ ਬਰਸਾਤ ਦਾ ਪਹਿਲਾ ਹੜ੍ਹ ਅੱਜ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਬਮਿਆਲ ਖੇਤਰ ਵਿਚ ਵਗਦੇ ਜਲਾਲੀ ਦਰਿਆ ਵਿਚ ਆ ਗਿਆ। ਪਾਣੀ ਦਾ ਪੱਧਰ ਅਚਾਨਕ ਵਧਣ ਨਾਲ ਦਰਿਆ ਨੇ ਇਕ ਵਾਰ ਫਿਰ ਆਪਣਾ ਭਿਆਨਕ ਰੂਪ ਧਾਰ ਲਿਆ ਅਤੇ ਨਜ਼ਦੀਕੀ ਖੇਤੀਬਾੜੀ ਵਾਲੀਆਂ ਜ਼ਮੀਨਾਂ ਵਿਚ ਪਾਣੀ ਫੈਲਣਾ ਸ਼ੁਰੂ ਹੋ ਗਿਆ। ਹੜ੍ਹ ਕਾਰਨ ਕਈ ਕਿਸਾਨਾਂ ਦੀਆਂ ਸੋਲਰ ਮੋਟਰਾਂ ਅਤੇ ਝੋਨੇ ਦੀ ਫਸਲ ਪਾਣੀ ਵਿਚ ਡੁੱਬਦੀ ਨਜ਼ਰ ਆਈ। ਇਲਾਕੇ ਦੇ ਲੋਕਾਂ ਵਿਚ ਪਿਛਲੇ ਸਾਲ ਵਾਲੇ ਹੜ੍ਹ ਵਰਗੇ ਨੁਕਸਾਨ ਦੀ ਚਿੰਤਾ ਇਕ ਵਾਰ ਫਿਰ ਵੱਧ ਗਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਜਲਾਲੀ ਦਰਿਆ ਦੇ ਹੜ੍ਹ ਨੇ ਬਮਿਆਲ, ਮੁੱਠੀ, ਰਮਕਾਲਮਾ ਅਤੇ ਹੋਰ ਸਰਹੱਦੀ ਪਿੰਡਾਂ ਵਿਚ ਭਾਰੀ ਤਬਾਹੀ ਮਚਾਈ ਸੀ। ਇਸ ਦੇ ਨਾਲ ਹੀ ਪਿਛਲੇ ਸਾਲ ਹੜ੍ਹ ਦੌਰਾਨ ਨੁਕਸਾਨੀ ਗਈ ਬਮਿਆਲ-ਦੀਨਾਨਗਰ-ਪਠਾਨਕੋਟ ਸੜਕ ’ਤੇ ਬਣੀ ਪੁਲੀ ਅੱਜ ਤੱਕ ਪੂਰੀ ਤਰ੍ਹਾਂ ਤਿਆਰ ਨਹੀਂ ਹੋ ਸਕੀ। ਨਤੀਜੇ ਵਜੋਂ ਅੱਜ ਹੜ੍ਹ ਦਾ ਪਾਣੀ ਇਕ ਵਾਰ ਫਿਰ ਇਸ ਅਧੂਰੀ ਪੁਲੀ ਤੋਂ ਲੰਘ ਗਿਆ, ਜਿਸ ਕਾਰਨ ਬਮਿਆਲ ਤੋਂ ਪਠਾਨਕੋਟ ਜਾਣ ਵਾਲਾ ਮੁੱਖ ਰਸਤਾ ਬੰਦ ਹੋ ਗਿਆ। ਲੋਕਾਂ ਨੂੰ ਆਵਾਜਾਈ ਵਿਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮੰਗਵਾਲ ਮੋੜ, ਰਮਕਾਲਮਾ ਅਤੇ ਆਸ-ਪਾਸ ਦੀਆਂ ਸੜਕਾਂ ’ਤੇ ਵੀ ਕਾਫ਼ੀ ਪਾਣੀ ਭਰਨ ਦੀ ਸੂਚਨਾ ਹੈ। ਕਾਂਗਰਸੀ ਆਗੂ ਬਲਬੀਰ ਫਤਿਹਪੁਰੀਆ ਨੇ ਕਿਹਾ ਕਿ ਪੰਜਾਬ ਸਰਕਾਰ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕਰਦੀ ਹੈ ਪਰ ਬਮਿਆਲ ਨੇੜੇ ਹੜ੍ਹ ਨਾਲ ਨੁਕਸਾਨੀ ਪੁਲੀ ਨੂੰ ਇਕ ਸਾਲ ਬੀਤ ਜਾਣ ਦੇ ਬਾਵਜੂਦ ਮੁਕੰਮਲ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਪੁਲੀ ਸਮੇਂ ਸਿਰ ਤਿਆਰ ਕਰ ਦਿੱਤੀ ਜਾਂਦੀ ਤਾਂ ਅੱਜ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪੈਂਦਾ।

ਪਿਛਲੀ ਖ਼ਬਰ ਰਣਜੀਤ ਸਾਗਰ ਡੈਮ ਦੀ ਝੀਲ ਦਾ ਪੱਧਰ 503.22 ਮੀਟਰ ਪਹੁੰਚਿਆ ਅਗਲੀ ਖ਼ਬਰ ਰਾਵੀ ਦਰਿਆ ’ਚ ਪਾਣੀ ਦਾ ਪੱਧਰ ਵਧਿਆ-ਕਿਸ਼ਤੀ ਹੋਈ ਬੰਦ, ਪਾਰਲੇ 7 ਪਿੰਡਾਂ ਦਾ ਸੰਪਰਕ ਟੁੱਟਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।