08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਬਿਜਲੀ ਬੱਚਤ ਕਰ ਕੇ ਪਾਵਰਕਾਮ ਹਰ ਸਾਲ ਬਚਾ ਸਕਦਾ ਕਰੋੜਾਂ ਰੁਪਏ

ਅਜੀਤ ਡੈਸਕ 27-07-2026

ਸੋਲਰ ਪ੍ਰਾਜੈਕਟਾਂ ਦੇ ਜ਼ਿਆਦਾ ਲੱਗਣ ਨਾਲ ਬਿਜਲੀ ਮੰਗ ਵੀ ਹੋ ਸਕਦੀ ਪੂਰੀ
ਜਲੰਧਰ, 26 ਜੁਲਾਈ (ਸ਼ਿਵ)-ਪਾਵਰਕਾਮ ਨੂੰ ਜਿਥੇ ਆਪਣੀਆਂ ਵਿੱਤੀ ਲੋੜਾਂ ਪੂਰੀਆਂ ਕਰਨ ਲਈ 10 ਹਜ਼ਾਰ ਕਰੋੜ ਦਾ ਕਰਜ਼ਾ ਲੈਣ ਦੀ ਪ੍ਰਕਿਰਿਆ ਸ਼ੁਰੂ ਕਰਨੀ ਪਈ ਹੈ ਪਰ ਦੂਜੇ ਪਾਸੇ, ਅਜੇ ਵੀ ਪਾਵਰਕਾਮ ਬਿਜਲੀ ਬੱਚਤ ਦੇ ਉਪਾਅ ਲਾਗੂ ਕਰਕੇ ਹਰ ਸਾਲ ਕਰੋੜਾਂ ਰੁਪਏ ਬਚਾ ਸਕਦਾ ਹੈ। ਪੰਜਾਬ ਸਰਕਾਰ ਨੇ ਦਬਾਅ ਘਟਾਉਣ ਅਤੇ ਪਾਵਰਕਾਮ ਦੀ ਅਦਾਇਗੀ ਲਈ ਕੋਈ ਪ੍ਰੇਸ਼ਾਨੀ ਨਾ ਆਉਣ ਦੇਣ ਲਈ ਜਿਥੇ ਸਰਕਾਰੀ ਦਫ਼ਤਰਾਂ ਵਿਚ 40 ਹਜ਼ਾਰ ਤੋਂ ਜ਼ਿਆਦਾ ਪ੍ਰੀ ਪੇਡ ਬਿਜਲੀ ਮੀਟਰ ਲਗਵਾਉਣ ਦੀ ਵੱਡੀ ਹਿੰਮਤ ਦਿਖਾਈ ਹੈ ਤਾਂ ਜੋ ਇਸ ਨਾਲ ਸਰਕਾਰੀ ਦਫ਼ਤਰਾਂ ਵਿਚ ਬਿਜਲੀ ਬੱਚਤ ਕਰਨੀ ਵੀ ਸ਼ੁਰੂ ਹੋਈ ਹੈ, ਦੂਜਾ ਹੁਣ ਸਰਕਾਰੀ ਵਿਭਾਗ ਵੀ ਆਪ ਪੇਸ਼ਗੀ ਬਿੱਲ ਜਮ੍ਹਾਂ ਕਰਵਾ ਰਹੇ ਹਨ ਤਾਂ ਇਸ ਨਾਲ ਸਰਕਾਰ ਨੂੰ ਵੀ ਕਾਫ਼ੀ ਰਾਹਤ ਮਿਲੀ ਹੈ। ਹੁਣ ਤੱਕ ਸਰਕਾਰੀ ਵਿਭਾਗਾਂ ਦੇ ਬਿਜਲੀ ਦੇ ਬਿੱਲਾਂ ਬਕਾਇਆ ਹੀ ਚੱਲਦੇ ਰਹੇ ਹਨ ਪਰ ਪ੍ਰੀ-ਪੇਡ ਮੀਟਰਾਂ ਦੇ ਲੱਗਣ ਨਾਲ ਪਾਵਰਕਾਮ ਨੂੰ ਜਰੂਰ ਕੁਝ ਰਾਹਤ ਮਿਲੀ ਹੈ। ਦੂਜੇ ਪਾਸੇ, ਚਾਹੇ ਪਾਵਰਕਾਮ ਨੇ ਸਰਕਾਰੀ ਦਫ਼ਤਰਾਂ ਵਿਚ 40 ਹਜ਼ਾਰ ਤੋਂ ਜ਼ਿਆਦਾ ਬਿਜਲੀ ਦੇ ਪ੍ਰੀ ਪੇਡ ਮੀਟਰ ਲਗਾ ਲਏ ਹਨ ਪਰ ਦੂਜੇ ਪਾਸੇ ਸ਼ਹਿਰਾਂ ਦੇ ਟਿਊਬਵੈੱਲਾਂ ਦੇ ਬਿਜਲੀ ਬਿੱਲਾਂ ਦੀ ਅਦਾਇਗੀ ਨੂੰ ਲੈ ਕੇ ਅਜੇ ਵੀ ਰੇੜਕਾ ਚੱਲ ਰਿਹਾ ਦੱਸਿਆ ਜਾ ਰਿਹਾ ਹੈ, ਕਿਉਂਕਿ ਪਾਵਰਕਾਮ ਵਲੋਂ ਸ਼ਹਿਰੀ ਟਿਊਬਵੈੱਲਾਂ ਦੀ ਅਦਾਇਗੀ ਕਰਨ ਲਈ ਉਨ੍ਹਾਂ ਨੂੰ ਪੇਸ਼ਗੀ ਬਿੱਲਾਂ ਦੀ ਅਦਾਇਗੀ ਕਰਨ ਲਈ ਕਿਹਾ ਗਿਆ ਹੈ। ਸ਼ਹਿਰੀ ਟਿਊਬਵੈੱਲਾਂ ਦੇ ਬਿੱਲਾਂ ਦੀ ਅਦਾਇਗੀ ਨੂੰ ਲੈ ਕੇ ਅਜੇ ਵੀ ਕਾਫ਼ੀ ਰੇੜਕਾ ਚੱਲ ਰਿਹਾ ਦੱਸਿਆ ਜਾ ਰਿਹਾ ਹੈ। ਇਸ ਵੇਲੇ ਜ਼ਿਆਦਾਤਰ ਸ਼ਹਿਰਾਂ ਵਿਚ ਐਲ. ਈ. ਡੀ. ਲਾਈਟਾਂ ਲੱਗ ਗਈਆਂ ਹਨ, ਜਿਨ੍ਹਾਂ ਦੀ ਬਿਜਲੀ ਦੀ ਖਪਤ ਪਹਿਲੀਆਂ ਲੱਗੀਆਂ ਸੋਡੀਅਮ ਲਾਈਟਾਂ ਤੋਂ ਕਾਫ਼ੀ ਘੱਟ ਖਪਤ ਹੁੰਦੀ ਹੈ ਪਰ ਅਜੇ ਵੀ ਇਨ੍ਹਾਂ ਲਾਈਟਾਂ ਦੀ ਦਿਨ-ਰਾਤ ਜਗਣ ਕਰਕੇ ਕਈ ਥਾਵਾਂ ’ਤੇ ਬਿਜਲੀ ਦੀ ਖਪਤ ਘੱਟ ਨਹੀਂ ਸਕੀ ਹੈ। ਬਿਜਲੀ ਮਾਹਿਰਾਂ ਅਨੁਸਾਰ ਪਾਵਰਕਾਮ ਕੋਲ ਹਰ ਸਾਲ ਬਿਜਲੀ ਦੀ ਮੰਗ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਕਰਕੇ ਇਸ ਵਾਰ ਝੋਨੇ ਦੀ ਬਿਜਾਈ ਦੇ ਸੀਜ਼ਨ ਵਿਚ 17000 ਮੈਗਾਵਾਟ ਤੋਂ ਵੀ ਜ਼ਿਆਦਾ ਬਿਜਲੀ ਦੀ ਮੰਗ ਵਧ ਗਈ ਸੀ ਪਰ ਜੇਕਰ ਸੂਬੇ ਵਿਚ ਪਾਵਰਕਾਮ ਵਲੋਂ ਪ੍ਰਧਾਨ ਮੰਤਰੀ ਯੋਜਨਾ ਦੇ ਤਹਿਤ ਸਬਸਿਡੀ ਵਾਲੇ ਸੋਲਰ ਬਿਜਲੀ ਦੇ ਪ੍ਰਾਜੈਕਟ ਲਗਵਾਏ ਜਾਣ ਤਾਂ ਇਸ ਨਾਲ ਇਕ ਤਾਂ ਲੋਕਾਂ ਨੂੰ ਲਗਾਤਾਰ ਬਿਜਲੀ ਮਿਲਦੀ ਰਹੇਗੀ ਅਤੇ ਦੂਜੇ ਪਾਸੇ ਪਾਵਰਕਾਮ ਨੂੰ ਵੀ ਇਸ ਨਾਲ ਕਾਫ਼ੀ ਰਾਹਤ ਮਿਲੇਗੀ, ਕਿਉਂਕਿ ਇਸ ਦੀ ਸਬਸਿਡੀ ਵਿਚ ਕਮੀ ਆਵੇਗੀ। ਸਬਸਿਡੀ ਵਾਲੇ ਸੋਲਰ ਬਿਜਲੀ ਦੇ ਪ੍ਰਾਜੈਕਟ ਲਗਵਾਉਣ ਲਈ ਹਰਿਆਣਾ ਸਮੇਤ ਹੋਰ ਰਾਜ ਵੀ ਕਾਫ਼ੀ ਅੱਗੇ ਹਨ।ਇਸ ਨਾਲ ਉਲਟਾ ਸਰਕਾਰਾਂ ’ਤੇ ਵੀ ਬਿਜਲੀ ਸਬਸਿਡੀ ਦਾ ਭਾਰ ਘੱਟ ਰਿਹਾ ਹੈ। ਜੇਕਰ ਪੰਜਾਬ ਵਿਚ ਵੀ ਆਉਣ ਵਾਲੇ ਸਮੇਂ ਵਿਚ ਸੋਲਰ ਬਿਜਲੀ ਦੇ ਪ੍ਰਾਜੈਕਟ ਜ਼ਿਆਦਾ ਤੋਂ ਜ਼ਿਆਦਾ ਲਗਵਾਏ ਜਾਣ ਤਾਂ ਇਸ ਨਾਲ ਕਈ ਲੋਕਾਂ ਨੂੰ ਬਿਜਲੀ ਕੱਟਾਂ ਤੋਂ ਭਾਰੀ ਰਾਹਤ ਮਿਲ ਸਕਦੀ ਹੈ।

ਪਿਛਲੀ ਖ਼ਬਰ ਭਗਵਾਨ ਵਾਲਮੀਕਿ ਸੰਘਰਸ਼ ਮੋਰਚਾ ਵਲੋਂ ਪੰਜਾਬ ਬੰਦ ਅੱਜ-ਸਭਰਵਾਲ ਅਗਲੀ ਖ਼ਬਰ ਓਡੀਸ਼ਾ ਦੇ ਭਾਜਪਾ ਸੰਸਦ ਮੈਂਬਰ ਦੀ ਬੇਟੀ ਦੀ ਪ੍ਰਧਾਨ ਦੇ ਅਸਤੀਫ਼ੇ ’ਤੇ ਸੋਸ਼ਲ ਮੀਡੀਆ ਪੋਸਟ ਤੋਂ ਪਾਰਟੀ ਨਾਰਾਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।