ਨਵੀਂ ਦਿੱਲੀ, 28 ਜੁਲਾਈ (ਜਗਤਾਰ ਸਿੰਘ)-ਸੁਪਰੀਮ ਕੋਰਟ ’ਚ ਇਕ ਰਿੱਟ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ’ਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਨਾਗਰਿਕਾਂ ਦੀ ਭੀੜ ਨੂੰ ਖਿੰਡਾਉਣ ਲਈ ਪੈਲੇਟ ਗੰਨ (ਪ੍ਰੋਜੈਕਟਾਈਲ ਐਕਸ਼ਨ ਗੰਨ) ਦੀ ਵਰਤੋਂ ਬੰਦ ਕਰਨ ਦੀ ਮੰਗ ਕੀਤੀ ਗਈ ਹੈ । ਇਹ ਪਟੀਸ਼ਨ ਸਾਬਕਾ ਆਈ.ਪੀ.ਐਸ. ਅਧਿਕਾਰੀ ਯਸ਼ੋਵਰਧਨ ਆਜ਼ਾਦ, ਪ੍ਰਸ਼ਾਂਤ ਕੁਮਾਰ ਸਿੰਘ ਤੇ ਸ਼ੇਖ ਇਰਸ਼ਾਦ ਮਨਸੂਰੀ ਦੁਆਰਾ ਧਾਰਾ 32 ਤਹਿਤ ਦਾਇਰ ਕੀਤੀ ਗਈ ਹੈ । ਪ੍ਰਸ਼ਾਂਤ ਕੁਮਾਰ ਸਿੰਘ ਤੇ ਇਰਸ਼ਾਦ ਮਨਸੂਰੀ ਦਾ ਦਾਅਵਾ ਹੈ ਕਿ 20 ਜੁਲਾਈ ਨੂੰ ਵਿਰੋਧ ਪ੍ਰਦਰਸ਼ਨ ਦੌਰਾਨ ਰੈਪਿਡ ਐਕਸ਼ਨ ਫੋਰਸ (ਆਰ.ਏ.ਐਫ.) ਦੁਆਰਾ ਚਲਾਈਆਂ ਗਈਆਂ ਪੈਲੇਟ ਗੋਲੀਆਂ ਨਾਲ ਉਹ ਜ਼ਖ਼ਮੀ ਹੋਏ ਸਨ । ਪਟੀਸ਼ਨ ਮੁਤਾਬਿਕ ਪ੍ਰਸ਼ਾਂਤ ਕੁਮਾਰ ਸਿੰਘ ਤੇ ਸ਼ੇਖ ਇਰਸ਼ਾਦ ਮਨਸੂਰੀ ਨੇ ਵੇਖਿਆ ਕਿ ਆਰ.ਏ.ਐਫ. ਨੇ ਅਚਾਨਕ ਪੰਪ-ਐਕਸ਼ਨ ਗੰਨ ਚਲਾਈ, ਜਿਸ ਨਾਲ ਪੈਲੇਟ ਗੋਲੀਆਂ ਚਾਰੇ ਪਾਸੇ ਫੈਲ ਗਈਆਂ । ਇਹ ਗੋਲੀਆਂ ਉਨ੍ਹਾਂ ਦੇ ਸਰੀਰ ’ਚ ਦਾਖਲ ਹੋ ਗਈਆਂ, ਜਿਸ ਨਾਲ ਤੁਰੰਤ ਦਰਦ ਤੇ ਖ਼ੂਨ ਵਹਿਣ ਲੱਗ ਪਿਆ । ਉਨ੍ਹਾਂ ਨੂੰ ਲੇਡੀ ਹਾਰਡਿੰਗ ਮੈਡੀਕਲ ਕਾਲਜ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੇ ਸਰੀਰ ’ਚ ਪਈਆਂ ਪੈਲੇਟ ਗੋਲੀਆਂ ਨੂੰ ਹਟਾਉਣ ਲਈ ਸਰਜਰੀ ਕੀਤੀ ਗਈ । ਸਿੰਘ ਨੇ ਕਿਹਾ ਕਿ ਉਸ ਨੇ ਘੱਟੋ-ਘੱਟ ਇਕ ਹੋਰ ਵਿਅਕਤੀ ਨੂੰ ਪੈਲੇਟ ਗੰਨ ਦੇ ਸੱਟਾਂ ਨਾਲ ਹਸਪਤਾਲ ਪਹੁੰਚਦੇ ਦੇਖਿਆ। ਉਨ੍ਹਾਂ ਸਾਰੇ ਪੀੜਤਾਂ ਲਈ ਮੁਆਵਜ਼ੇ ਦੀ ਮੰਗ ਕੀਤੀ ।
ਸੁਪਰੀਮ ਕੋਰਟ ’ਚ ਪਟੀਸ਼ਨ, ਪੈਲੇਟ ਗੰਨ ’ਤੇ ਰੋਕ ਲਗਾਉਣ ਦੀ ਮੰਗ
ਅਜੀਤ ਡੈਸਕ
29-07-2026