02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਆਬਕਾਰੀ ਵਿਭਾਗ ਨੇ ਤੁੜਵਾਈਆਂ ਸ਼ਰਾਬ, ਬੀਅਰ ਦੀਆਂ 1.95 ਲੱਖ ਖ਼ਾਲੀ ਬੋਤਲਾਂ ਨਕਲੀ ਸ਼ਰਾਬ ਦੀ ਭਰਾਈ ਰੋਕਣ ਲਈ ਕੀਤੀ ਕਾਰਵਾਈ

ਅਜੀਤ ਡੈਸਕ 01-08-2026
ਜਲੰਧਰ, 31 ਜੁਲਾਈ (ਸ਼ਿਵ ਸ਼ਰਮਾ)-ਸੂਬੇ ਵਿਚ ਨਾਜਾਇਜ਼ ਸ਼ਰਾਬ ਅਤੇ ਨਕਲੀ ਸ਼ਰਾਬ ਦੀ ਭਰਾਈ ਰੋਕਣ ਲਈ ਆਬਕਾਰੀ ਵਿਭਾਗ ਨੇ 2 ਸਾਲ ਪਹਿਲਾਂ ਜਿਹੜਾ ਕਾਨੂੰਨ ਬਣਾਇਆ ਸੀ, ਉਸ ਮੁਤਾਬਿਕ ਹੁਣ ਕਾਫ਼ੀ ਸਖ਼ਤੀ ਕਰਨੀ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਮੈਰਿਜ ਪੈਲੇਸਾਂ ਤੇ ਹੋਟਲਾਂ ਵਿਚ ਇਸ ਸਾਲ ਪਹਿਲੀ ਤਿਮਾਹੀ ਵਿਚ ਆਬਕਾਰੀ ਵਿਭਾਗ ਦੀ ਟੀਮਾਂ ਨੇ 1.95 ਲੱਖ ਦੇ ਕਰੀਬ ਅੰਗਰੇਜ਼ੀ, ਵਿਦੇਸ਼ੀ ਸ਼ਰਾਬ ਤੇ ਬੀਅਰ ਦੀਆਂ ਖਾਲੀ ਬੋਤਲਾਂ ਆਪਣੀ ਨਿਗਰਾਨੀ ਵਿਚ ਤੁੜਵਾਈਆਂ ਹਨ। ਵਿਭਾਗ ਨੂੰ ਸ਼ੰਕਾ ਰਹਿੰਦੀ ਸੀ ਕਿ ਮਹਿੰਗੀ ਸ਼ਰਾਬ ਦੀਆਂ ਖ਼ਾਲੀ ਹੁੰਦੀਆਂ ਬੋਤਲਾਂ ਦੀ ਦੁਬਾਰਾ ਵਿੱਕਰੀ ਹੋਣ ਨਾਲ ਉਸ ਵਿਚ ਕਈ ਲੋਕ ਨਕਲੀ ਸ਼ਰਾਬ ਦੀ ਸਪਲਾਈ ਦਾ ਕੰਮ ਕਰਦੇ ਹਨ। 2 ਸਾਲ ਪਹਿਲਾਂ ਵਿਭਾਗ ਵਲੋਂ ਇਸ ਤਰ੍ਹਾਂ ਦਾ ਕਾਨੂੰਨ ਬਣਾਇਆ ਗਿਆ ਸੀ ਕਿ ਮੈਰਿਜ ਪੈਲੇਸਾਂ, ਹੋਟਲਾਂ ਅਤੇ ਹੋਰ ਅਦਾਰਿਆਂ ਵਿਚ ਹੁੰਦੇ ਸਮਾਗਮ ਵਿਚ ਵਿਦੇਸ਼ੀ ਸ਼ਰਾਬ, ਅੰਗਰੇਜ਼ੀ ਸ਼ਰਾਬ ਦੇ ਬੀਅਰ ਦੀਆਂ ਜਿਹੜੀਆਂ ਖ਼ਾਲੀ ਬੋਤਲਾਂ ਹੁੰਦੀਆਂ ਸਨ, ਉਨ੍ਹਾਂ ਦਾ ਉਕਤ ਅਦਾਰਿਆਂ ਵਲੋਂ ਰਜਿਸਟਰ ਲਗਾ ਕੇ ਰਿਕਾਰਡ ਰੱਖਿਆ ਜਾਵੇਗਾ ਤੇ ਉਨ੍ਹਾਂ ਨੂੰ ਖ਼ਾਲੀ ਬੋਤਲਾਂ ਸਾਂਭਣੀਆਂ ਪੈਣਗੀਆਂ। ਇਨ੍ਹਾਂ ਬੋਤਲਾਂ ਨੂੰ ਕਬਾੜੀਆਂ ਨੂੰ ਨਹੀਂ ਵੇਚਿਆ ਜਾ ਸਕਦਾ ਸੀ। ਵਿਭਾਗ ਦੀ ਹਦਾਇਤ ਮੁਤਾਬਿਕ ਆਬਕਾਰੀ ਇੰਸਪੈਕਟਰ ਦੀ ਨਿਗਰਾਨੀ ਵਿਚ ਇਨ੍ਹਾਂ ਖ਼ਾਲੀ ਬੋਤਲਾਂ ਨੂੰ ਤੁੜਵਾਇਆ ਜਾਂਦਾ ਸੀ। ਇਸ ਸਾਲ ਪਹਿਲੀ ਤਿਮਾਹੀ ਵਿਚ ਹੁਣ ਤੱਕ 1.95 ਲੱਖ ਖ਼ਾਲੀ ਬੋਤਲਾਂ ਤੋੜੀਆਂ ਗਈਆਂ ਹਨ। ਇਨ੍ਹਾਂ ਵਿਚ 1 ਅਪ੍ਰੈਲ 2026 ਤੋਂ ਲੈ ਕੇ 30 ਜੂਨ 2026 ਤੱਕ ਮੈਰਿਜ ਪੈਲੇਸਾਂ ਵਿਚ ਜਿਹੜੀਆਂ ਖ਼ਾਲੀ ਬੋਤਲਾਂ ਤੋੜੀਆਂ ਗਈਆਂ ਸੀ, ਉਨ੍ਹਾਂ ਵਿਚ ਅੰਗਰੇਜ਼ੀ ਸ਼ਰਾਬ ਦੀਆਂ ਬੋਤਲਾਂ 83398 ਬੋਤਲਾਂ, ਵਿਦੇਸ਼ੀ ਸ਼ਰਾਬ ਦੀਆਂ 36439 ਬੋਤਲਾਂ ਤੇ ਬੀਅਰ ਦੀਆਂ 7157 ਬੋਤਲਾਂ ਸ਼ਾਮਿਲ ਹਨ। ਇਸੇ ਤਰਾਂ ਨਾਲ ਇਸ ਸਮੇਂ ਦੌਰਾਨ ਹੋਟਲਾਂ ਵਿਚ ਤੋੜੀਆਂ ਬੋਤਲਾਂ ਵਿਚ ਅੰਗਰੇਜ਼ੀ ਸ਼ਰਾਬ ਦੀਆਂ 19116 ਬੋਤਲਾਂ, ਵਿਦੇਸ਼ੀ ਸ਼ਰਾਬ ਦੀਆਂ 16484 ਬੋਤਲਾਂ ਤੇ ਬੀਅਰ ਦੀਆਂ 32220 ਬੋਤਲਾਂ ਸ਼ਾਮਿਲ ਹਨ। ਵਿਭਾਗ ਦੇ ਸੂਤਰਾਂ ਮੁਤਾਬਿਕ ਮੋਹਾਲੀ ਅਤੇ ਲੁਧਿਆਣਾ ਵਰਗੇ ਸ਼ਹਿਰਾਂ ’ਚ ਵੱਡੇ ਵਿਆਹ ਸਮਾਗਮ ਹੁੰਦੇ ਰਹੇ ਹਨ ਤਾਂ ਕਈਆਂ ਵਿਚ ਮਹਿੰਗੀ ਸ਼ਰਾਬ ਦੀ ਵਰਤੋਂ ਹੁੰਦੀ ਰਹਿੰਦੀ ਹੈ ਤੇ ਇਸ ਕਰਕੇ ਖ਼ਾਲੀ ਬੋਤਲਾਂ ਦੇ ਨਕਲੀ ਸ਼ਰਾਬ ਭਰਨ ਵਾਲਿਆਂ ਦੇ ਹੱਥ ਜਾਣ ਦੀ ਸ਼ੰਕਾ ਬਣੀ ਰਹਿੰਦੀ ਸੀ ਜਿਸ ਕਰਕੇ ਵਿਭਾਗ ਨੇ ਸੂਬੇ ਭਰ ਵਿਚ ਇਸ ਕਾਨੂੰਨ ਨੂੰ ਲਾਗੂ ਕਰ ਦਿੱਤਾ ਸੀ। ਇੱਕ ਜਾਣਕਾਰੀ ਮੁਤਾਬਿਕ ਸੂਬੇ ਵਿਚ ਹਰ ਸਾਲ ਸ਼ਰਾਬ ਦੀ ਖਪਤ 27 ਤੋਂ 29 ਕਰੋੜ ਬੋਤਲਾਂ ਤੋਂ ਜ਼ਿਆਦਾ ਹੈ। ਇਸ ਵਿਚ ਦੇਸੀ ਸ਼ਰਾਬ ਦੀ ਖਪਤ ਵੀ ਕਾਫ਼ੀ ਜ਼ਿਆਦਾ ਹੁੰਦੀ ਹੈ। ਇਸ ਦੀ ਸਾਲਾਨਾ 16 ਤੋਂ 17 ਕਰੋੜ ਬੋਤਲਾਂ ਦੀ ਖਪਤ ਹੁੰਦੀ ਹੈ। ਵਿਦੇਸ਼ੀ ਸ਼ਰਾਬ, ਬੀਅਰ ਤੇ ਅੰਗਰੇਜ਼ੀ ਸ਼ਰਾਬ ਦੀ ਖਪਤ ਕਰੀਬ 8 ਤੋਂ 9 ਕਰੋੜ ਹੁੰਦੀ ਹੈ। ਸਰਕਾਰ ਨੂੰ ਹਰ ਸਾਲ ਸ਼ਰਾਬ ਤੋਂ ਹੀ ਇਸ ਬਾਰ 12850 ਕਰੋੜ ਦਾ ਮਾਲੀਆ ਪ੍ਰਾਪਤ ਹੋਣਾ ਹੈ।
ਪਿਛਲੀ ਖ਼ਬਰ ਮੁੱਖ ਮੰਤਰੀ ਨਿਵਾਸ ਬਾਹਰ ਪੱਕੇ ਮੋਰਚੇ ਲਈ ਬਜਿੱਦ ਵੋਕੇਸ਼ਨਲ ਅਧਿਆਪਕਾਂ ਨੂੰ ਪੁਲਿਸ ਨੇ ਖਦੇੜਿਆ ਦੋ ਦਰਜਨ ਤੋਂ ਵਧੇਰੇ ਪ੍... ਅਗਲੀ ਖ਼ਬਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਪੰਜਾਬ ’ਚ ਘਰੇਲੂ ਤੇ ਸਜਾਵਟੀ ਪੇਂਟਾਂ ਨੂੰ ਲੈੱਡ-ਮੁਕਤ ਬਣਾਉਣ ਲਈ ਦਿਸ਼ਾ-ਨਿਰਦੇਸ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।