ਪਟਿਆਲਾ, 31 ਜੁਲਾਈ (ਧਰਮਿੰਦਰ ਸਿੰਘ ਸਿੱਧੂ)-ਪੀ.ਐਸ.ਪੀ.ਸੀ.ਐਲ./ਪੀ.ਸੀ.ਟੀ.ਸੀ.ਐੱਲ. ਦੇ ਸੀ.ਐਮ.ਡੀ. ਕਮ ਮੈਨੈਜਿੰਗ ਡਾਇਰੈਕਟਰ ਡਾ. ਬਸੰਤ ਗਰਗ ਵਲੋਂ ਗੁਰੂ ਹਰਗੋਬਿੰਦ ਥਰਮਲ ਪਲਾਂਟ, ਲਹਿਰਾ ਮੁਹੱਬਤ ਅਤੇ 66 ਕੇਵੀ ਗਰਿੱਡ ਸਬ-ਸਟੇਸ਼ਨ ਬਡਬਰ ਦਾ ਦੌਰਾ ਕਰਕੇ ਖੇਤੀਬਾੜੀ ਅਤੇ ਘਰੇਲੂ ਖਪਤਕਾਰਾਂ ਲਈ ਬਿਜਲੀ ਸਪਲਾਈ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਪੀ.ਐਸ.ਪੀ.ਸੀ.ਐਲ. ਦੇ ਡਾਇਰੈਕਟਰ ਜਨਰੇਸ਼ਨ ਇੰਜ. ਪੂਰਨਦੀਪ ਬਰਾੜ, ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਚੀਫ਼ ਇੰਜ ਤੇਜ ਬਾਂਸਲ ਤੋਂ ਇਲਾਵਾ ਚੀਫ਼ ਇੰਜੀਨੀਅਰ/ਡੀ.ਐਸ. ਸਾਊਥ ਇੰਜ. ਆਰ.ਕੇ. ਮਿੱਤਲ ਸਮੇਤ ਹੋਰ ਅਧਿਕਾਰੀ ਮੌਜੂਦ ਸਨ। ਇਸ ਮੌਕੇ ਡਾ. ਬਸੰਤ ਗਰਗ ਵਲੋਂ ਕੋਲੇ ਦੀ ਸਥਿਤੀ, ਬਾਇਲਰ ਦਾ ਮੁਆਇਨਾ ਕਰਨ ਦੇ ਨਾਲ-ਨਾਲ ਟਰਬਾਈਂਨ ਸਮੇਤ ਕੰਟਰੋਲ ਰੂਮ ਬਾਰੇ ਵੀ ਜਾਣਕਾਰੀ ਹਾਸਿਲ ਕੀਤੀ। ਉਪਰੰਤ ਬਿਜਲੀ ਅਧਿਕਾਰੀਆਂ ਵਲੋਂ ਡਾ. ਬਸੰਤ ਗਰਗ ਨੂੰ 66 ਕੇਵੀ ਬਡਬਰ ਗਰਿੱਡ ਸਬ-ਸਟੇਸ਼ਨ ਬਾਰੇ ਜਾਣੂ ਕਰਵਾਇਆ ਗਿਆ। ਬਸੰਤ ਗਰਗ ਵਲੋਂ ਆਪਣੇ ਦੌਰੇ ਉਪਰੰਤ ਸਮੂਹ ਚੀਫ਼ ਇੰਜੀਨੀਅਰ ਅਤੇ ਇੰਜ. ਨਾਲ ਮੀਟਿੰਗ ਕੀਤੀ ਅਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਗਰਿੱਡ ਦੀ ਸਮਰੱਥਾ ਵਧਾਉਣ ਨਾਲ ਸੰਬੰਧਿਤ ਕੰਮਾਂ ਨੂੰ ਸਮੇਂ ਸਿਰ ਮੁਕੰਮਲ ਕੀਤਾ ਜਾਵੇ ਤਾਂ ਜੋ ਸੂਬੇ ਦੇ ਘਰੇਲੂ ਅਤੇ ਖੇਤੀਬਾੜੀ ਖੇਤਰ ਵਿਚ ਵਧ ਰਹੀ ਬਿਜਲੀ ਦੀ ਮੰਗ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੂਰਾ ਕੀਤਾ ਜਾ ਸਕੇ। ਬਸੰਤ ਗਰਗ ਨੇ ਗਰਿੱਡ ਦੀ ਮੌਜੂਦਾ ਸਥਿਤੀ, ਟ੍ਰਾਂਸਫਾਰਮਰਾਂ ਦੀ ਲੋਡਿੰਗ, ਬਿਜਲੀ ਸਪਲਾਈ ਦੀ ਗੁਣਵੱਤਾ ਅਤੇ ਭਵਿੱਖੀ ਸਮਰੱਥਾ ਵਾਧੇ ਦੀਆਂ ਯੋਜਨਾਵਾਂ ਦਾ ਵਿਸਥਾਰ ਨਾਲ ਜਾਇਜ਼ਾ ਲੈਣ ਤੋਂ ਬਾਅਦ ਫੀਲਡ ਅਧਿਕਾਰੀਆਂ ਵਲੋਂ ਬਿਜਲੀ ਸਪਲਾਈ ਨੂੰ ਸੁਚਾਰੂ ਅਤੇ ਭਰੋਸੇਯੋਗ ਬਣਾਈ ਰੱਖਣ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਬਸੰਤ ਗਰਗ ਨੇ ਕਿਹਾ ਕਿ ਪੀ.ਐਸ.ਪੀ.ਸੀ.ਐਲ. ਵਲੋਂ ਸੂਬੇ ਦੇ ਬਿਜਲੀ ਵੰਡ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।