02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਕੈਬਨਿਟ ਮੰਤਰੀ ਬੈਂਸ ਦੀ ਪਹਿਲ ਨਾਲ ਸਫ਼ਾਈ ਕਾਮਿਆਂ ਦੀ ਹੜਤਾਲ ਖ਼ਤਮ

ਕੈਬਨਿਟ ਮੰਤਰੀ ਬੈਂਸ ਦੀ ਪਹਿਲ ਨਾਲ ਸਫ਼ਾਈ ਕਾਮਿਆਂ ਦੀ ਹੜਤਾਲ ਖ਼ਤਮ

ਅਜੀਤ ਡੈਸਕ 02-08-2026

ਅੱਜ ਤੋਂ ਹੀ ਸੂਬੇ ਭਰ ’ਚ ਸਫ਼ਾਈ ਸੇਵਾਵਾਂ ਬਹਾਲ
ਲੁਧਿਆਣਾ, 1 ਅਗਸਤ (ਭੁਪਿੰਦਰ ਸਿੰਘ ਬੈਂਸ)-ਪੰਜਾਬ ਭਰ ਵਿਚ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਸਨਿਚਰਵਾਰ ਨੂੰ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਪਹਿਲ ਅਤੇ ਯੂਨੀਅਨ ਆਗੂਆਂ ਨਾਲ ਹੋਈਆਂ ਲਗਾਤਾਰ ਮੀਟਿੰਗਾਂ ਤੋਂ ਬਾਅਦ ਖ਼ਤਮ ਹੋ ਗਈ। ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਬੱਚਤ ਭਵਨ ਵਿਖੇ ਹੋਈਆਂ ਮੈਰਾਥਨ ਮੀਟਿੰਗਾਂ ਦੌਰਾਨ ਸਰਕਾਰ ਅਤੇ ਯੂਨੀਅਨਾਂ ਵਿਚਾਲੇ ਜ਼ਿਆਦਾਤਰ ਮੰਗਾਂ ’ਤੇ ਸਹਿਮਤੀ ਬਣ ਗਈ, ਜਿਸ ਤੋਂ ਬਾਅਦ ਯੂਨੀਅਨਾਂ ਨੇ ਹੜਤਾਲ ਵਾਪਸ ਲੈਣ ਦਾ ਐਲਾਨ ਕਰ ਦਿੱਤਾ। ਹੜਤਾਲ ਖ਼ਤਮ ਹੁੰਦਿਆਂ ਹੀ ਸੂਬੇ ਭਰ ਦੇ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਵਿਚ ਸਫ਼ਾਈ ਦਾ ਕੰਮ ਮੁੜ ਸ਼ੁਰੂ ਕਰ ਦਿੱਤਾ ਗਿਆ ਹੈ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸੋਮਵਾਰ ਨੂੰ ਯੂਨੀਅਨ ਆਗੂਆਂ ਨਾਲ ਇਕ ਹੋਰ ਅਹਿਮ ਮੀਟਿੰਗ ਕੀਤੀ ਜਾਵੇਗੀ। ਇਸ ਦੌਰਾਨ ਬਾਕੀ ਰਹਿੰਦੀਆਂ ਮੰਗਾਂ ‘ਤੇ ਵਿਸਥਾਰ ਨਾਲ ਵਿਚਾਰ ਕਰਕੇ ਉਨ੍ਹਾਂ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ ਤਾਂ ਜੋ ਸਫ਼ਾਈ ਕਰਮਚਾਰੀਆਂ ਦੇ ਮਸਲਿਆਂ ਦਾ ਸਥਾਈ ਹੱਲ ਯਕੀਨੀ ਬਣਾਇਆ ਜਾ ਸਕੇ। ਮੀਟਿੰਗ ਦੌਰਾਨ ਘਰ-ਘਰ ਤੋਂ ਕੂੜਾ ਇਕੱਠਾ ਕਰਨ ਲਈ ਦਿੱਤੇ ਗਏ ਆਊਟ ਸੋਰਸ ਟੈਂਡਰ ਨੂੰ ਰੱਦ ਕਰਨ, ਆਊਟ ਸੋਰਸ ਸਫ਼ਾਈ ਕਰਮਚਾਰੀਆਂ ਨੂੰ ਨਗਰ ਨਿਗਮਾਂ ਰਾਹੀ ਸਿੱਧਾ 20,500 ਰੁਪਏ ਮਹੀਨਾ ਮਾਣ-ਭੱਤਾ ਦੇਣ, 52 ਸਾਲ ਦੀ ਉਮਰ ਪੂਰੀ ਕਰ ਚੁੱਕੇ ਸਫ਼ਾਈ ਕਰਮਚਾਰੀਆਂ, ਮਾਲੀਆਂ ਅਤੇ ਬੇਲਦਾਰਾਂ ਦੀਆਂ ਸੇਵਾਵਾਂ ਨਿਯਮਤ ਕਰਨ ਲਈ ਲੋੜੀਂਦੀ ਕਾਰਵਾਈ ਸ਼ੁਰੂ ਕਰਨ ਸਮੇਤ ਕਈ ਹੋਰ ਮੰਗਾਂ ’ਤੇ ਸਹਿਮਤੀ ਬਣੀ। ਇਸ ਮੌਕੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ, ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ, ਨਿਗਮ ਕਮਿਸ਼ਨਰ ਸਵਪਨ ਸ਼ਰਮਾ, ਵਿਧਾਇਕ ਮਦਨ ਲਾਲ ਬੱਗਾ, ਵਿਧਾਇਕ ਰਾਕੇਸ਼ ਪਰਾਸ਼ਰ, ਦਲਜੀਤ ਸਿੰਘ, ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਤੇ ਯੂਨੀਅਨ ਆਗੂ ਵਿਜੇ ਦਾਨਵ, ਅਸ਼ਵਨੀ ਸਹੋਤਾ, ਚੌਧਰੀ ਯਸ਼ਪਾਲ, ਨਰੇਸ਼ ਧੀਂਗਾਨ ਤੇ ਹੋਰ ਮੌਜੂਦ ਸਨ। 

ਪਿਛਲੀ ਖ਼ਬਰ ਜਲਾਲਪੁਰ ਦੀ ਮੁਅੱਤਲੀ ਮਗਰੋਂ ਪਟਿਆਲਾ ਵਿਚ ਹੋਈ ਉੱਚ ਪੱਧਰੀ ਬੈਠਕ ਅਗਲੀ ਖ਼ਬਰ ਟ੍ਰਿਪਲ ਜੰਪ : ਪ੍ਰਵੀਨ ਚਿੱਤਰਵੇਲ ਨੇ ਚਾਂਦੀ ਤੇ ਸੇਲਵਾ ਪ੍ਰਭੂ ਨੇ ਕਾਂਸੀ ਜਿੱਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।