ਅੰਮ੍ਰਿਤਸਰ, 6 ਅਗਸਤ (ਜੱਸ)-ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਸਿੱਧੇ ਪ੍ਰਸਾਰਨ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋਂ ਲਾਏ ਦੋਸ਼ਾਂ ਦੇ ਜਵਾਬ ਵਿਚ ਜੀ.ਟੀ.ਸੀ. ਚੈਨਲ ਦੇ ਐੱਮ. ਡੀ. ਰਬਿੰਦਰਾ ਨਰਾਇਣ ਨੇ ਕਿਹਾ ਹੈ ਕਿ 1998 ਤੋਂ ਗੁਰਬਾਣੀ ਦਾ ਪ੍ਰਸਾਰਨ ਗੁਰੂ ਸਾਹਿਬ ਨੇ ਸੇਵਾ ਲੈ ਕੇ ਮੇਰੇ ਤੋਂ ਸ਼ੁਰੂ ਕਰਾਇਆ ਸੀ ਅਤੇ ਨਿਰੰਤਰ ਚੱਲ ਰਿਹਾ ਹੈ। ਆਪਣੇ ਚੈਨਲ ਵਲੋਂ ਸ਼ੁਰੂ ਕੀਤੇ ਅੱਜ ਸਿੱਧੇ ਪ੍ਰਸਾਰਨ ਬਾਰੇ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੇ ਕੁਝ ਚੈਨਲਾਂ ਨਾਲ ਗੱਲਬਾਤ ਦੌਰਾਨ ਕਿਹਾ ਹੈ ਕਿ ਕੋਈ ਵੀ ਚੈਨਲ, ਵੈੱਬ ਚੈਨਲ ਸ਼੍ਰੋਮਣੀ ਕਮੇਟੀ ਦੇ ਯੂ-ਟਿਊਬ ਚੈਨਲ ਤੋਂ ਲਿੰਕ ਲੈ ਕੇ ਪ੍ਰਸਾਰਨ ਦਿਖਾ ਸਕਦਾ ਹੈ, ਇਸ ਲਈ ਪ੍ਰਵਾਨਗੀ ਲੈਣ ਦੀ ਲੋੜ ਨਹੀਂ, ਜਿਸ ਤੋਂ ਬਾਅਦ ਜੀ.ਟੀ.ਸੀ. ਵਲੋਂ ਅੱਜ ਗੁਰਬਾਣੀ ਪ੍ਰਸਾਰਨ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਵਲੋਂ ਆਪਣਾ ਯੂਟਿਊਬ ਚੈਨਲ ਚਲਾਉਣ ਲਈ 12 ਲੱਖ ਰੁਪਏ ਮਹੀਨਾ ਖਰਚ ਆਉਣ ਬਾਰੇ ਦਿੱਤੇ ਬਿਆਨ ਬਾਰੇ ਉਨ੍ਹਾਂ ਕਿਹਾ ਕਿ ਅਜਿਹਾ ਕੋਈ ਟੈਂਡਰ ਕੱਢਿਆ ਹੀ ਨਹੀਂ ਗਿਆ ਤੇ ਜੇਕਰ ਕੱਢਿਆ ਹੈ ਤਾਂ ਸ਼੍ਰੋਮਣੀ ਕਮੇਟੀ ਨੂੰ ਇਸ ਨੂੰ ਜਨਤਕ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗੁਰਬਾਣੀ ਪ੍ਰਸਾਰਨ ਸੰਬੰਧੀ ਜੋ ਸਾਮਾਨ ਲੱਗਿਆ ਹੋਇਆ ਹੈ, ਉਹ ਪੀ.ਟੀ.ਸੀ. ਚੈਨਲ ਦਾ ਨਹੀਂ, ਬਲਕਿ ਕਿਰਾਏ ਦਾ ਲੱਗਾ ਹੋਇਆ ਹੈ, ਜੋ ਕੋਈ ਵੀ ਚੈਨਲ ਲਾ ਸਕਦਾ। ਉਨ੍ਹਾਂ ਕਿਹਾ ਸਾਡਾ ਮਿਸ਼ਨ ਗੁਰਬਾਣੀ ਪ੍ਰਚਾਰ ਪ੍ਰਸਾਰ ਦਾ ਹੈ ਤੇ ਸਾਨੂੰ ਪੂਰੀ ਮਰਿਆਦਾ ਦਾ ਪਤਾ ਹੈ, ਇਸ ਲਈ ਗੁਰਬਾਣੀ ਪ੍ਰਸਾਰਨ ਦੌਰਾਨ ਅੱਗੇ ਪਿਛੇ ਕੋਈ ਇਸ਼ਤਿਹਾਰ ਨਹੀਂ ਚਲਾਇਆ ਗਿਆ। ਉਨ੍ਹਾਂ ਕਿਹਾ ਕਿ ਇਸ ਨਾਲ ਸ਼੍ਰੋਮਣੀ ਕਮੇਟੀ ਨੂੰ ਕੋਈ ਵਿੱਤੀ ਨੁਕਸਾਨ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਐਡਵੋਕੇਟ ਸਿਆਲਕਾ ਨੂੰ ਵੀ ਸਪੱਸ਼ਟ ਕਰਨਾ ਚਾਹੀਦਾ ਕਿ ਉਨ੍ਹਾਂ ਕਿਸ ਆਧਾਰ ‘ਤੇ ਬਿਆਨ ਦਿੱਤਾ ਹੈ।
ਯੂ-ਟਿਊਬ ਚੈਨਲ ਚਲਾਉਣ ਲਈ ਜਾਰੀ ਟੈਂਡਰ ਜਨਤਕ ਕਰੇ ਸ਼੍ਰੋਮਣੀ ਕਮੇਟੀ-ਰਬਿੰਦਰਾ ਨਰਾਇਣ
ਯੂ-ਟਿਊਬ ਚੈਨਲ ਚਲਾਉਣ ਲਈ ਜਾਰੀ ਟੈਂਡਰ ਜਨਤਕ ਕਰੇ ਸ਼੍ਰੋਮਣੀ ਕਮੇਟੀ-ਰਬਿੰਦਰਾ ਨਰਾਇਣ
ਅਜੀਤ ਡੈਸਕ
07-08-2026