ਮੰਤਰੀਆਂ ਦੇ ਸਮੂਹ ਵਲੋਂ ਪੰਜਾਬ ਰਾਇਸ ਇੰਡਸਟਰੀ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਮੀਟਿੰਗ
ਮਿਲਿੰਗ ਨੀਤੀ ਵਿਚ ਸੋਧਾਂ ਤੇ ਭੰਡਾਰਨ ਸੰਕਟ ਦੇ ਮੁੱਦੇ ਵਿਚਾਰੇ
ਹਰਜਿੰਦਰ ਸਿੰਘ ਲਾਲ
ਖੰਨਾ, 25 ਅਗਸਤ-ਸਾਲ 2026-27 ਦੌਰਾਨ ਝੋਨੇ ਦੀ ਨਿਰਵਿਘਨ ਖਰੀਦ, ਚੁਕਾਈ ਅਤੇ ਛੜ੍ਹਾਈ (ਮਿਲਿੰਗ) ਦੇ ਕੰਮ ਨੂੰ ਸੁਚਾਰੂ ਢੰਗ ਨਾਲ ਕਰਨ ਲਈ ਅੱਜ ਪੰਜਾਬ ਦੇ ਮੰਤਰੀਆਂ ਦੇ ਇਕ ਸਮੂਹ ਦੀ ਮੀਟਿੰਗ ਪੰਜਾਬ ਰਾਈਸ ਇੰਡਸਟਰੀ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਹੋਈ। ਮੰਤਰੀਆਂ ਵਿਚ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਖੁਰਾਕ ਮੰਤਰੀ ਲਾਲ ਚੰਦ ਕਟਾਰੂਚੱਕ ਅਤੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਸ਼ਾਮਿਲ ਸਨ।
ਖੰਨਾ, 25 ਅਗਸਤ-ਸਾਲ 2026-27 ਦੌਰਾਨ ਝੋਨੇ ਦੀ ਨਿਰਵਿਘਨ ਖਰੀਦ, ਚੁਕਾਈ ਅਤੇ ਛੜ੍ਹਾਈ (ਮਿਲਿੰਗ) ਦੇ ਕੰਮ ਨੂੰ ਸੁਚਾਰੂ ਢੰਗ ਨਾਲ ਕਰਨ ਲਈ ਅੱਜ ਪੰਜਾਬ ਦੇ ਮੰਤਰੀਆਂ ਦੇ ਇਕ ਸਮੂਹ ਦੀ ਮੀਟਿੰਗ ਪੰਜਾਬ ਰਾਈਸ ਇੰਡਸਟਰੀ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਹੋਈ। ਮੰਤਰੀਆਂ ਵਿਚ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਖੁਰਾਕ ਮੰਤਰੀ ਲਾਲ ਚੰਦ ਕਟਾਰੂਚੱਕ ਅਤੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਸ਼ਾਮਿਲ ਸਨ। ਮੀਟਿੰਗ ਵਿਚ ਖੁਰਾਕ ਸਕੱਤਰ ਰਾਹੁਲ ਤਿਵਾੜੀ, ਡਾਇਰੈਕਟਰ ਫੂਡ ਵਰਿੰਦਰ ਸ਼ਰਮਾ, ਜਨਰਲ ਮੈਨੇਜਰ, ਐੱਫ. ਸੀ. ਆਈ. ਨਿਤਿਕਾ ਅਤੇ ਹੋਰ ਉੱਚ ਅਧਿਕਾਰੀ ਵੀ ਸ਼ਾਮਿਲ ਹੋਏ।ਮੀਟਿੰਗ ਵਿਚ ਪੰਜਾਬ ਰਾਈਸ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਭਾਰਤ ਭੂਸ਼ਣ ਬਿੰਟਾ ਅਤੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਅਹੁਦੇਦਾਰ ਵੀ ਸ਼ਾਮਿਲ ਹੋਏ। ਮੀਟਿੰਗ ਵਿਚ ਕਸਟਮ ਮਿਲਿੰਗ ਨੀਤੀ 2026-27 ਦੇ ਖਰੜੇ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਪ੍ਰਸਤਾਵਿਤ ਸੋਧਾਂ ਸੰਬੰਧੀ ਮਿੱਲਰਾਂ ਦੇ ਇਤਰਾਜ਼ ਅਤੇ ਸੁਝਾਅ ਲਏ ਗਏ ਤਾਂ ਕਿ ਫ਼ਸਲ ਦੀ ਸੁਚਾਰੂ ਖਰੀਦ ਤੇ ਲਿਫਟਿੰਗ ਯਕੀਨੀ ਬਣ ਸਕੇ।ਮੀਟਿੰਗ ਦੀ ਪ੍ਰਧਾਨਗੀ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕੀਤੀ। ਉਨ੍ਹਾਂ ਕਿਹਾ ਕਿ ਇਸ ਸਾਲ ਕਰੀਬ 32.80 ਲੱਖ ਹੈਕਟੇਅਰ ਵਿਚ ਝੋਨੇ ਦੀ ਕਾਸ਼ਤ ਹੋਈ ਹੈ, ਜਿਸ ਵਿਚ 25.90 ਲੱਖ ਹੈਕਟੇਅਰ ਵਿਚ ਪਰਮਲ ਅਤੇ 7 ਲੱਖ ਹੈਕਟੇਅਰ ਵਿਚ ਬਾਸਮਤੀ ਝੋਨੇ ਬੀਜਿਆ ਗਿਆ ਹੈ। ਪੰਜਾਬ ਰਾਈਸ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਭਾਰਤ ਭੂਸ਼ਣ ਬਿੰਟਾ ਨੇ ਕਿਹਾ ਕਿ ਸਟੋਰੇਜ ਦੀ ਭਾਰੀ ਘਾਟ ਹੈ। ਲੁਧਿਆਣਾ, ਮਾਨਸਾ ਅਤੇ ਫ਼ਿਰੋਜ਼ਪੁਰ ਵਰਗੇ ਜ਼ਿਲ੍ਹਿਆਂ ਵਿਚ ਹੁਣ ਤੱਕ ਲਗਭਗ 80 ਫ਼ੀਸਦੀ ਅਤੇ ਮੋਗਾ ਵਿਚ 74 ਫ਼ੀਸਦੀ ਮਿਲਿੰਗ ਹੀ ਹੋਈ ਹੈ। ਜਦੋਂ ਝੋਨਾ ਲੰਬੇ ਸਮੇਂ ਤੱਕ ਖੁੱਲ੍ਹੇ ਵਿਚ ਪਿਆ ਰਹਿੰਦਾ ਹੈ ਤਾਂ ਉਸ ਵਿਚ ਰੰਗ ਬਦਲਣ ਅਤੇ ਟੁੱਟੇ ਚੌਲਾਂ ਦੀ ਫ਼ੀਸਦੀ ਵਧਦੀ ਹੈ ਅਤੇ ਬੋਰੀਆਂ ਦੇ ਖਰਾਬ ਹੋਣ ਦਾ ਨੁਕਸਾਨ ਵੀ ਮਿੱਲਰਾਂ ਨੂੰ ਹੀ ਝੱਲਣਾ ਪੈਂਦਾ ਹੈ।ਬਿੰਟਾ ਨੇ ਕਿਹਾ ਕਿ ਪੰਜਾਬ ਵਿੱਚ ਨਵੇਂ ਗੁਦਾਮਾਂ ਦੇ ਨਿਰਮਾਣ ਲਈ ਕੇਂਦਰ ਸਰਕਾਰ ਨਾਲ ਰਾਬਤਾ ਕੀਤਾ ਜਾਵੇ। ਪੰਜਾਬ ਵਿਚ ਨਵੇਂ ਗੁਦਾਮ ਬਣਾਉਣ ਵਿਚ ਵੱਧ ਲਾਗਤ ਆਉਣ ਕਾਰਨ ਕਿਰਾਇਆ ਵੀ ਵੱਧ ਹੋਣਾ ਚਾਹੀਦਾ ਹੈ। ਐਸੋਸੀਏਸ਼ਨ ਨੇ ਮੰਗ ਕੀਤੀ ਕਿ 2026-27 ਲਈ ਪੰਜਾਬ ਦੇ ਸਾਰੇ ਰਾਈਸ ਮਿੱਲਰਾਂ ਨੂੰ ਪਿਛਲੇ ਸੀਜ਼ਨ ਦੀ ਮਿਲਿੰਗ ਪੂਰੀ ਹੋਣ ਦੀ ਸ਼ਰਤ ਤੋਂ ਬਿਨਾਂ ਲਿਮਟ ਮਿਲਿੰਗ ਅਲਾਟਮੈਂਟ ਕੀਤੀ ਜਾਵੇ।ਮੀਟਿੰਗ ਦੌਰਾਨ ਰਾਈਸ ਇੰਡਸਟਰੀ ਐਸੋਸੀਏਸ਼ਨ ਦੇ ਉਪ ਪ੍ਰਧਾਨ ਰਣਜੀਤ ਸਿੰਘ ਜੋਸਨ ਨੇ ਝੋਨਾ ਸਰਪਲੱਸ ਜ਼ਿਲ੍ਹਿਆਂ ਅੰਮ੍ਰਿਤਸਰ, ਗੁਰਦਾਸਪੁਰ, ਤਰਨ ਤਾਰਨ ਅਤੇ ਫ਼ਿਰੋਜ਼ਪੁਰ ਵਿਚ ਝੋਨੇ ਦੀ ਅਲਾਟਮੈਂਟ ਵਿਚ ਪਹਿਲ ਦੀ ਮੰਗ ਕੀਤੀ।ਐਸੋਸੀਏਸ਼ਨ ਦੇ ਨੇਤਾ ਇੰਦਰਜੀਤ ਜੌਲੀ ਨੇ ਕਿਹਾ ਕਿ ਮੰਡੀਆਂ ਵਿਚ ਸਰਕਾਰੀ ਨਿਯਮਾਂ ਅਨੁਸਾਰ ਵੱਧ ਤੋਂ ਵੱਧ 17 ਫ਼ੀਸਦੀ ਨਮੀ ਵਾਲੇ ਝੋਨੇ ਦੀ ਖਰੀਦ ਕੀਤੀ ਜਾਵੇ। ਨਮੀ ਅਤੇ ਗੁਣਵੱਤਾ ਦੀ ਸਖ਼ਤ ਨਿਗਰਾਨੀ ਲਈ ਫ਼ਲਾਇੰਗ ਸਕੁਆਇਡ ਬਣਾਏ ਜਾਣ। ਮੀਟਿੰਗ ਵਿਚ ਇੰਦਰਜੀਤ ਗਰਗ ਨਿਹਾਲ ਸਿੰਘ ਵਾਲਾ, ਹਰੀ ਓਮ ਮਿੱਤਲ, ਕਮਲ ਗਰਗ ਫ਼ਿਰੋਜ਼ਪੁਰ, ਆਸ਼ੀਸ਼ ਗਰਗ, ਅਰਸ਼ਦੀਪ ਬਰਾੜ, ਪ੍ਰਿੰਸ ਬਰਨਾਲਾ, ਸੰਜੂ ਜਗਰਾਉਂ, ਅਸ਼ੋਕ ਜਿੰਦਲ, ਰਾਜਿੰਦਰ ਕੁਮਾਰ ਨਿਹਾਲ ਸਿੰਘ ਵਾਲਾ, ਪ੍ਰਿੰਸ ਬਰਨਾਲਾ, ਸੋਹਣ ਲਾਲ ਬਰਨਾਲਾ, ਸ਼ੇਰ ਸਿੰਘ ਰਾਮਪੁਰਾ ਫੂਲ, ਸਾਧੂ ਰਾਮ ਨਿਹਾਲ ਸਿੰਘ ਵਾਲਾ, ਭੂਸ਼ਣ ਜਗਰਾਉਂ ਆਦਿ ਹਾਜ਼ਰ ਸਨ।