ਕੇਂਦਰੀ ਜੇਲ੍ਹ ’ਚੋਂ ਫੋਨ ਆਉਣ ’ਤੇ ਪਰਿਵਾਰ ’ਚ ਖ਼ੁਸ਼ੀ ਦਾ ਮਾਹੌਲ

ਕਪੂਰਥਲਾ, 4 ਸਤੰਬਰ (ਅਮਨਜੋਤ ਸਿੰਘ ਵਾਲੀਆ)-ਆਪਣੇ ਲੜਕੇ ਨੂੰ ਮ੍ਰਿਤਕ ਸਮਝ ਕੇ ਸਸਕਾਰ ਕਰਨ ਉਪਰੰਤ ਭੋਗ ਪਾਉਣ ਤੋਂ ਲਗਭਗ 15 ਦਿਨ ਬਾਅਦ ਜਦੋਂ ਪਰਿਵਾਰ ਨੂੰ ਕੇਂਦਰੀ ਜੇਲ੍ਹ ਕਪੂਰਥਲਾ ਦੇ ਇਕ ਮੁਲਾਜ਼ਮ ਦਾ ਫੋਨ ਆਇਆ ਕਿ ਉਨ੍ਹਾਂ ਦਾ ਲੜਕਾ ਜੇਲ੍ਹ ਵਿਚ ਬੰਦ ਹੈ ਤਾਂ ਪਹਿਲਾਂ ਤਾਂ ਪਰਿਵਾਰ ਹੈਰਾਨ ਰਹਿ ਗਿਆ ਜਦੋਂ ਉਨ੍ਹਾਂ ਜੇਲ੍ਹ ਵਿਚ ਜਾ ਕੇ ਆਪਣੇ ਲੜਕੇ ਨੂੰ ਦੇਖਿਆ ਤਾਂ ਪਰਿਵਾਰ ’ਚ ਖ਼ੁਸ਼ੀ ਦੀ ਕੋਈ ਹੱਦ ਨਹੀਂ ਰਹੀ। ਜਾਣਕਾਰੀ ਅਨੁਸਾਰ ਕਾਦੂਪੁਰ ਦੇ ਵਸਨੀਕ ਲੜਕੇ ਦੇ ਪਿਤਾ ਟੀਟੀ ਤੇ ਭਰਾ ਅਮਨਦੀਪ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਰਵੀ ਕੁਮਾਰ ਬੀਤੀ 5 ਅਗਸਤ ਨੂੰ ਘਰੋਂ ਗਿਆ ਸੀ ਪਰ ਮੁੜ ਕੇ ਨਹੀਂ ਆਇਆ। ਉਹ ਬੀਤੀ 11 ਅਗਸਤ ਨੂੰ ਥਾਣਾ ਸਿਟੀ ਕਪੂਰਥਲਾ ’ਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਉਣ ਗਏ, ਇਸੇ ਦੌਰਾਨ ਪੁਲਿਸ ਨੇ ਪਰਿਵਾਰ ਨੂੰ ਦੱਸਿਆ ਕਿ ਉਨ੍ਹਾਂ ਨੂੰ ਅੱਜ ਹੀ ਇਕ ਕਾਂਜਲੀ ਰੋਡ ‘ਤੇ ਟਰੇਨਿੰਗ ਸੈਂਟਰ ਨੇੜੇ ਗਲੀ ਸੜੀ ਇਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਜਿਸ ਦੀ ਉਨ੍ਹਾਂ ਨੇ ਫ਼ੋਟੋ ਪਰਿਵਾਰਕ ਮੈਂਬਰਾਂ ਨੂੰ ਦਿੱਤੀ। ਪਰਿਵਾਰਕ ਮੈਂਬਰਾਂ ਤੇ ਹੋਰਾਂ ਨੇ ਕੁੱਝ ਦਿਨ ਬਾਅਦ ਉਸ ਦੀ ਪਹਿਚਾਣ ਆਪਣੇ ਲੜਕੇ ਰਵੀ ਕੁਮਾਰ ਵਜੋਂ ਕਰਕੇ ਉਸ ਦਾ 13 ਅਗਸਤ ਨੂੰ ਸਸਕਾਰ ਕਰ ਦਿੱਤਾ ਤੇ 15 ਅਗਸਤ ਨੂੰ ਉਸ ਦਾ ਭੋਗ ਵੀ ਪਾ ਦਿੱਤਾ। ਪਰ ਬੀਤੀ 2 ਸਤੰਬਰ ਨੂੰ ਪਰਿਵਾਰ ਨੂੰ ਕੇਂਦਰੀ ਜੇਲ੍ਹ ਕਪੂਰਥਲਾ ਤੋਂ ਫੋਨ ਆਇਆ ਕਿ ਤੁਹਾਡੇ ਲੜਕੇ ਦਾ ਨਾਂਅ ਰਵੀ ਕੁਮਾਰ ਹੈ, ਜੋ ਜੇਲ੍ਹ ਵਿਚ ਬੰਦ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜੇਲ੍ਹ ਵਿਚ ਬੰਦ ਰਵੀ ਕੁਮਾਰ ਅਨੁਸਾਰ ਉਸ ਨੂੰ ਜਲੰਧਰ ਪੁਲਿਸ ਨੇ ਆਵਾਰਾਗਰਦੀ ਦੇ ਮਾਮਲੇ ਵਿਚ ਕੇਂਦਰੀ ਜੇਲ੍ਹ ਭੇਜ ਦਿੱਤਾ ਸੀ ਜੋ ਹਾਲੇ ਵੀ ਜੇਲ੍ਹ ਵਿਚ ਬੰਦ ਹੈ। ਪਰਿਵਾਰ ਨੇ ਇਹ ਵੀ ਕਿਹਾ ਕਿ ਪੁਲਿਸ ਵਲੋਂ ਦਿੱਤੇ ਅਣਪਛਾਤੇ ਮ੍ਰਿਤਕ ਨੌਜਵਾਨ ਦਾ ਸਸਕਾਰ ਉਨ੍ਹਾਂ ਪੂਰੇ ਰੀਤੀ ਰਿਵਾਜ਼ਾਂ ਨਾਲ ਕੀਤਾ ਹੈ। ਇਸ ਸਬੰਧੀ ਥਾਣਾ ਸਿਟੀ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ ਕਿ ਉਨ੍ਹਾਂ ਦਾ ਲੜਕਾ ਰਵੀ ਕੁਮਾਰ ਜਿਉਂਦਾ ਹੈ।