ਬਲੋਚਿਸਤਾਨ ’ਚ 25 ਲੱਖ ਰੁਪਏ ਬਦਲੇ 3 ਸਾਲਾ ਮਾਸੂਮ ਦਾ 60 ਸਾਲਾ ਵਿਅਕਤੀ ਨਾਲ ਕੀਤਾ ਸੌਦਾ
ਅੰਮ੍ਰਿਤਸਰ, 28 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ’ਚ ਜਿੱਥੇ ਇਕ ਪਿਓ ਨੇ 25 ਲੱਖ ਪਾਕਿਸਤਾਨੀ ਰੁਪਏ (ਲਗਭਗ 8 ਲੱਖ 65 ਹਜ਼ਾਰ ਭਾਰਤੀ ਰੁਪਏ) ਦੇ ਬਦਲੇ ਆਪਣੀ ਮਹਿਜ਼ 3 ਸਾਲ ਦੀ ਮਾਸੂਮ ਧੀ ਦਾ ਰਿਸ਼ਤਾ 60 ਸਾਲ ਦੇ ਬਜ਼ੁਰਗ ਨਾਲ ਤੈਅ ਕਰ ਦਿੱਤਾ। ਇਹ ਖੌਫ਼ਨਾਕ ਕਦਮ ਉਸ ਨੇ ਆਪਣੀ ਵੱਡੀ ਧੀ ਦੇ ਕਤਲ ਤੋਂ ਕੁਝ ਹੀ ਹਫ਼ਤਿਆਂ ਬਾਅਦ ਚੁੱਕਿਆ, ਜਿਸ ਦਾ ਵਿਆਹ ਵੀ ਇਸੇ ਤਰ੍ਹਾਂ ਦੇ ਸੌਦੇ ਤਹਿਤ ਕੀਤਾ ਗਿਆ ਸੀ।
ਅੰਮ੍ਰਿਤਸਰ, 28 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ’ਚ ਜਿੱਥੇ ਇਕ ਪਿਓ ਨੇ 25 ਲੱਖ ਪਾਕਿਸਤਾਨੀ ਰੁਪਏ (ਲਗਭਗ 8 ਲੱਖ 65 ਹਜ਼ਾਰ ਭਾਰਤੀ ਰੁਪਏ) ਦੇ ਬਦਲੇ ਆਪਣੀ ਮਹਿਜ਼ 3 ਸਾਲ ਦੀ ਮਾਸੂਮ ਧੀ ਦਾ ਰਿਸ਼ਤਾ 60 ਸਾਲ ਦੇ ਬਜ਼ੁਰਗ ਨਾਲ ਤੈਅ ਕਰ ਦਿੱਤਾ। ਇਹ ਖੌਫ਼ਨਾਕ ਕਦਮ ਉਸ ਨੇ ਆਪਣੀ ਵੱਡੀ ਧੀ ਦੇ ਕਤਲ ਤੋਂ ਕੁਝ ਹੀ ਹਫ਼ਤਿਆਂ ਬਾਅਦ ਚੁੱਕਿਆ, ਜਿਸ ਦਾ ਵਿਆਹ ਵੀ ਇਸੇ ਤਰ੍ਹਾਂ ਦੇ ਸੌਦੇ ਤਹਿਤ ਕੀਤਾ ਗਿਆ ਸੀ। ਪੁਲਿਸ ਨੇ ਸਰਹੱਦੀ ਸ਼ਹਿਰ ਚਮਨ ਤੋਂ ਬੱਚੀ ਦੇ ਪਿਤਾ ਅਬਦੁਲ ਬਾਕੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ 60 ਸਾਲਾ ਮੁਲਜ਼ਮ ਸਲਾਹ-ਉਦ-ਦੀਨ ਫ਼ਰਾਰ ਹੈ ਤੇ ਉਸ ਦੀ ਭਾਲ ਜਾਰੀ ਹੈ। ਪੁਲਿਸ ਮੁਤਾਬਿਕ ਬੱਚੀ ਅਤੇ ਉਸ ਦੀ ਮਾਂ ਨੂੰ ਸੁਰੱਖਿਅਤ ਹਿਰਾਸਤ ’ਚ ਰੱਖਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਪਸ਼ਤੂਨ ਭਾਈਚਾਰੇ ’ਚ ਪ੍ਰਚਲਿਤ ‘ਵਲਵਰ’ ਨਾਮਕ ਇਕ ਰਵਾਇਤ ਨਾਲ ਜੁੜਿਆ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੁਲਜ਼ਮ ਪਿਤਾ ਨੇ ਦਾਅਵਾ ਕੀਤਾ ਹੈ ਕਿ ਉਸ ਦੀ ਵੱਡੀ ਧੀ ਸ਼ੁਕਰੀਆ ਨੂੰ ਸਹੁਰੇ ਘਰ ਹਿੰਸਾ ਦਾ ਸਾਹਮਣਾ ਕਰਨਾ ਪੈਂਦਾ ਸੀ ਤੇ ਸਹੁਰਾ ਪਰਿਵਾਰ ਉਸ ’ਤੇ ਆਪਣੀ ਇਕ ਹੋਰ ਛੋਟੀ ਧੀ ਭੇਜਣ ਲਈ ਦਬਾਅ ਪਾ ਰਿਹਾ ਸੀ। ਪੁਲਿਸ ਹੁਣ ਇਸ ਪਹਿਲੂ ਤੋਂ ਵੀ ਜਾਂਚ ਕਰ ਰਹੀ ਹੈ ਕਿ ਕੀ ਸ਼ੁਕਰੀਆ ਦੇ ਕਤਲ ਅਤੇ ਛੋਟੀ ਬੱਚੀ ਦੇ ਇਸ ਵਿਆਹ ਦੇ ਸੌਦੇ ਵਿਚਾਲੇ ਕੋਈ ਸਿੱਧਾ ਸੰਬੰਧ ਹੈ।