ਆਮ ਆਦਮੀ ਪਾਰਟੀ ਦੇ ਮੌੜ ਤੋਂ ਵਿਧਾਇਕ ਸੁਖਵੀਰ ਸਿੰਘ ਮਾਇਸਰਖਾਨਾ ਪਾਰਟੀ ਤੋਂ ਬਰਖਾਸਤ
ਚੰਡੀਗੜ੍ਹ/ਮੌੜ ਮੰਡੀ, 3 ਅਕਤੂਬਰ (ਸੁਖਵਿੰਦਰ ਸਿੰਘ ਸ਼ਾਨ/ਗੁਰਜੀਤ ਸਿੰਘ ਕਮਾਲੂ)- ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪਾਰਟੀ ਵਿਰੋਧੀ ਸਰਗਰਮੀਆਂ ਤੇ ਅਨੁਸ਼ਾਸਨਹੀਣਤਾ ਦੇ ਦੋਸ਼ ਤਹਿਤ ਮੌੜ ਤੋਂ ਵਿਧਾਇਕ ਸੁਖਵੀਰ ਸਿੰਘ ਮਾਇਸਰਖਾਨਾ ਨੂੰ ਮੁੱਢਲੀ ਮੈਂਬਰਸ਼ਿਪ ਤੋਂ ਤੁਰੰਤ ਪ੍ਰਭਾਵ ਨਾਲ ਬਰਖਾਸਤ ਕਰ ਦਿੱਤਾ ਹੈ। ਪਾਰਟੀ ਨੇ ਕਿਹਾ ਕਿ ਮਾਇਸਰਖਾਨਾ ਨੇ ਇਕ ਸਰਕਾਰੀ ਸਕੂਲ ਦੇ ਕੰਮਕਾਜ ਬਾਰੇ ਝੂਠੇ ਬਿਆਨ ਦੇ ਕੇ ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਸੀ।
ਚੰਡੀਗੜ੍ਹ/ਮੌੜ ਮੰਡੀ, 3 ਅਕਤੂਬਰ (ਸੁਖਵਿੰਦਰ ਸਿੰਘ ਸ਼ਾਨ/ਗੁਰਜੀਤ ਸਿੰਘ ਕਮਾਲੂ)- ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪਾਰਟੀ ਵਿਰੋਧੀ ਸਰਗਰਮੀਆਂ ਤੇ ਅਨੁਸ਼ਾਸਨਹੀਣਤਾ ਦੇ ਦੋਸ਼ ਤਹਿਤ ਮੌੜ ਤੋਂ ਵਿਧਾਇਕ ਸੁਖਵੀਰ ਸਿੰਘ ਮਾਇਸਰਖਾਨਾ ਨੂੰ ਮੁੱਢਲੀ ਮੈਂਬਰਸ਼ਿਪ ਤੋਂ ਤੁਰੰਤ ਪ੍ਰਭਾਵ ਨਾਲ ਬਰਖਾਸਤ ਕਰ ਦਿੱਤਾ ਹੈ। ਪਾਰਟੀ ਨੇ ਕਿਹਾ ਕਿ ਮਾਇਸਰਖਾਨਾ ਨੇ ਇਕ ਸਰਕਾਰੀ ਸਕੂਲ ਦੇ ਕੰਮਕਾਜ ਬਾਰੇ ਝੂਠੇ ਬਿਆਨ ਦੇ ਕੇ ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਸੀ। ਜਾਰੀ ਵੀਡੀਓ ’ਚ ਸੁਖਵੀਰ ਸਿੰਘ ਮਾਇਸਰਖਾਨਾ ਨੇ ਕਿਹਾ ਕਿ ਹਲਕਾ ਮੌੜ ਦੇ ਸਕੂਲ ਆਫ਼ ਐਮੀਨੈਸ ਤੇ ਦੂਸਰੇ ਸਕੂਲਾਂ ਵਿਚ ਅਧਿਆਪਕਾਂ ਦੀ ਘਾਟ ਤੇ ਇਸ ਘਾਟ ਨੂੰ ਲੈ ਕੇ ਮੁੱਖ ਮੰਤਰੀ ਤੇ ਸਰਕਾਰ ਦੇ ਹੋਰ ਨੁਮਾਇੰਦਿਆਂ ਤੱਕ ਨੂੰ ਬਹੁਤ ਵਾਰ ਮਿਲਿਆ ਪਰ ਕਿਸੇ ਨੇ ਮੇਰੀ ਗੱਲ ਨਹੀਂ ਸੁਣੀ। ਉਨ੍ਹਾਂ ਸੋਸ਼ਲ ਮੀਡੀਆ ਅਕਾਊਂਟ ’ਤੇ ਰੋ ਰੋ ਕੇ ਆਪਣੇ ਦੁਖੜੇ ਸੁਣਾਏ। ਉਨ੍ਹਾਂ ਕਿਹਾ ਕਿ ਸਿੱਖਿਆਂ ਕ੍ਰਾਂਤੀ ਮਹਿਜ਼ ਇਕ ਦਿਖਾਵਾ ਹੈ ਪਰ ਜ਼ਮੀਨੀ ਸੱਚਾਈ ਹੋਰ ਹੈ, ਕਿਸੇ ਵੀ ਸਕੂਲ ਦੇ ਅਧਿਆਪਕ ਪੂਰੇ ਨਹੀਂ। ਉਨ੍ਹਾਂ ਕਿਹਾ ਕਿ ਉਸ ਦੇ ਖ਼ੁਦ ਦੇ ਬੱਚੇ ਸਰਕਾਰੀ ਸਕੂਲ, ਸਕੂਲ ਆਫ਼ ਐਮੀਨੈਂਸ ’ਚ ਪੜ੍ਹਦੇ ਹਨ। ਪਰ ਉਸ ਸਕੂਲ ਵਿਚ ਵੀ ਉਹ ਖ਼ੁਦ ਵਿਧਾਇਕ ਹੁੰਦੇ ਹੋਏ ਅਧਿਆਪਕ ਪੂਰੇ ਨਹੀਂ ਕਰਵਾ ਸਕਿਆ। ਉਨ੍ਹਾਂ ਰੋਂਦਿਆਂ ਕਿਹਾ ਕਿ ਜਦ ਮੈਂ ਆਪਣੇ ਬੱਚਿਆਂ ਨੂੰ ਪੁੱਛਦਾ ਹਾਂ ਕਿ ਅੱਜ ਕੀ ਪੜ੍ਹ ਕੇ ਆਏ, ਤਾਂ ਬੱਚੇ ਅੱਗੋਂ ਕਹਿੰਦੇ ਕਿ ਅਧਿਆਪਕ ਹੀ ਨਹੀਂ ਹਨ। ਸਕੂਲ ਦਾ ਪ੍ਰਿੰਸੀਪਲ ਮੇਰੇ ਬੱਚਿਆਂ ਨੂੰ ਇਹ ਕਹਿੰਦਾ ਕਿ ਤੁਹਾਡਾ ਪਿਤਾ ਤਾਂ ਵਿਧਾਇਕ ਹੈ, ਉਹ ਅਧਿਆਪਕ ਲੈ ਆਵੇ। ਪਰ ਮੇਰੀ ਖ਼ੁਦ ਦੀ ਕਿਤੇ ਸੁਣਵਾਈ ਨਹੀਂ। ਜਦ ਵਿਧਾਇਕ ਮਾਈਸਰਖਾਨਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।