06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਸ਼ੋਅ ਪੀਸ ਬਣ ਕੇ ਰਹਿ ਗਏ ਖ਼ੁਸ਼ੀਆਂ ਤੇ ਵਿਛੋੜੇ ਦੇ ਜਜ਼ਬਾਤਾਂ ਨੂੰ ਆਪਣੇ ਅੰਦਰ ਸਮੇਟਣ ਵਾਲੇ ‘ਲੈਟਰ-ਬਾਕਸ’ ਸੁਰਿੰਦਰ ਕੋਛੜ

ਅੰਮ੍ਰਿਤਸਰ, 5 ਨਵੰਬਰ-ਕਦੇ ਸੁੱਖ-ਸਾਂਦ, ਖ਼ੁਸ਼ੀਆਂ ਤੇ ਵਿਛੋੜੇ ਦੇ ਜਜ਼ਬਾਤਾਂ ਨੂੰ ਆਪਣੇ ਅੰਦਰ ਸਮੇਟਣ ਵਾਲੇ ਲਾਲ ਰੰਗ ਦੇ ਲੈਟਰ-ਬਾਕਸ (ਡਾਕ ਬਕਸੇ) ਅੱਜ ਚੌਰਾਹਿਆਂ, ਸੜਕਾਂ ਦੇ ਕਿਨਾਰਿਆਂ ਅਤੇ ਡਾਕਖ਼ਾਨਿਆਂ ਦੇ ਬਾਹਰ ਚੁੱਪਚਾਪ ਖੜ੍ਹੇ ਮਹਿਜ਼ ਇਕ ‘ਸ਼ੋਅ ਪੀਸ’ ਬਣ ਕੇ ਰਹਿ ਗਏ ਹਨ। ਜਿਸ ਬਕਸੇ ਅੱਗੇ ਕਦੇ ਲੋਕ ਬੇਸਬਰੀ ਨਾਲ ਚਿੱਠੀਆਂ ਪਾਉਣ ਲਈ ਖੜ੍ਹਦੇ ਸਨ, ਅੱਜ ਉਹ ਧੂੜ, ਜੰਗਾਲ ਅਤੇ ਇਸ਼ਤਿਹਾਰਬਾਜ਼ੀ ਦੀ ਭੇਟ ਚੜ੍ਹ ਚੁੱਕੇ ਹਨ।

ਅਜੀਤ ਡੈਸਕ 06-11-2026

ਅੰਮ੍ਰਿਤਸਰ, 5 ਨਵੰਬਰ-ਕਦੇ ਸੁੱਖ-ਸਾਂਦ, ਖ਼ੁਸ਼ੀਆਂ ਤੇ ਵਿਛੋੜੇ ਦੇ ਜਜ਼ਬਾਤਾਂ ਨੂੰ ਆਪਣੇ ਅੰਦਰ ਸਮੇਟਣ ਵਾਲੇ ਲਾਲ ਰੰਗ ਦੇ ਲੈਟਰ-ਬਾਕਸ (ਡਾਕ ਬਕਸੇ) ਅੱਜ ਚੌਰਾਹਿਆਂ, ਸੜਕਾਂ ਦੇ ਕਿਨਾਰਿਆਂ ਅਤੇ ਡਾਕਖ਼ਾਨਿਆਂ ਦੇ ਬਾਹਰ ਚੁੱਪਚਾਪ ਖੜ੍ਹੇ ਮਹਿਜ਼ ਇਕ ‘ਸ਼ੋਅ ਪੀਸ’ ਬਣ ਕੇ ਰਹਿ ਗਏ ਹਨ। ਜਿਸ ਬਕਸੇ ਅੱਗੇ ਕਦੇ ਲੋਕ ਬੇਸਬਰੀ ਨਾਲ ਚਿੱਠੀਆਂ ਪਾਉਣ ਲਈ ਖੜ੍ਹਦੇ ਸਨ, ਅੱਜ ਉਹ ਧੂੜ, ਜੰਗਾਲ ਅਤੇ ਇਸ਼ਤਿਹਾਰਬਾਜ਼ੀ ਦੀ ਭੇਟ ਚੜ੍ਹ ਚੁੱਕੇ ਹਨ। ਜਦਕਿ ਕੁਝ ਥਾਵਾਂ ’ਤੇ ਲਗਾਏ ਗਏ ਲੈਟਰ-ਬਾਕਸ ਵਰਤੋਂ ’ਚ ਨਾ ਆਉਣ ਕਰਕੇ ਅੱਜ ਵੀ ਉਸੇ ਹਾਲਤ ’ਚ ਮੌਜੂਦ ਹਨ ਜਿਸ ਹਾਲਤ ’ਚ ਇਹ ਲਗਾਏ ਗਏ ਸਨ। ਭਾਰਤ ’ਚ ਰਸਮੀ ਤੌਰ ’ਤੇ ਡਾਕ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਅੰਗਰੇਜ਼ੀ ਹਕੂਮਤ ਦੌਰਾਨ ਲੈਟਰ-ਬਾਕਸ ਲਗਾਉਣ ਦਾ ਸਿਲਸਿਲਾ ਸ਼ੁਰੂ ਹੋਇਆ ਸੀ। ਦੁਨੀਆ ’ਚ ਪਹਿਲੀ ਵਾਰ 1850 ਦੇ ਦਹਾਕੇ ’ਚ ਬ੍ਰਿਟੇਨ ਨੇ ਇਹ ਪ੍ਰਣਾਲੀ ਅਪਣਾਈ, ਜਿਸ ਮਗਰੋਂ ਸੰਨ 1854 ਵਿਚ ਲਾਰਡ ਡਲਹੌਜ਼ੀ ਦੇ ਕਾਰਜਕਾਲ ਦੌਰਾਨ ‘ਇੰਡੀਅਨ ਪੋਸਟ ਆਫ਼ਿਸ ਐਕਟ’ ਰਾਹੀਂ ਭਾਰਤ ’ਚ ਆਧੁਨਿਕ ਡਾਕ ਪ੍ਰਣਾਲੀ ਦੀ ਨੀਂਹ ਰੱਖੀ ਗਈ। ਇਸੇ ਦੌਰ ’ਚ ਸ਼ਹਿਰਾਂ ਦੇ ਪ੍ਰਮੁੱਖ ਚੌਕਾਂ ਵਿਚ ਲੋਹੇ ਦੇ ਪਿੱਲਰ ਬਾਕਸ ਲਗਾਏ ਗਏ। ਸ਼ੁਰੂਆਤ ’ਚ ਕੁਝ ਥਾਵਾਂ ’ਤੇ ਹਰੇ ਰੰਗ ਦੇ ਬਕਸੇ ਵੀ ਲਗਾਏ ਗਏ ਸਨ ਪਰ ਦੂਰੋਂ ਆਸਾਨੀ ਨਾਲ ਨਜ਼ਰ ਨਾ ਆਉਣ ਕਾਰਨ ਸੰਨ 1874 ਤੱਕ ਇਨ੍ਹਾਂ ਦਾ ਰੰਗ ਪੱਕੇ ਤੌਰ ’ਤੇ ਗੂੜ੍ਹਾ ਲਾਲ ਨਿਸ਼ਚਿਤ ਕਰ ਦਿੱਤਾ ਗਿਆ। ਆਜ਼ਾਦੀ ਤੋਂ ਬਾਅਦ ਪਿੰਡ-ਪਿੰਡ ਤੱਕ ਇਹ ਲਾਲ ਡੱਬਾ ਸੰਚਾਰ ਦਾ ਧੁਰਾ ਬਣਿਆ। ਲੈਟਰ-ਬਕਸਿਆਂ ਨੂੰ ਨਕਾਰਾ ਬਣਾਉਣ ’ਚ ਡਿਜੀਟਲ ਕ੍ਰਾਂਤੀ ਅਤੇ ਸਮਾਰਟਫੋਨ ਦੀ ਵੱਡੀ ਭੂਮਿਕਾ ਹੈ। 21ਵੀਂ ਸਦੀ ਦੇ ਆਗਾਜ਼ ਨਾਲ ਹੀ ਇੰਟਰਨੈੱਟ, ਈ-ਮੇਲ ਅਤੇ ਮੋਬਾਈਲ ਫੋਨਾਂ ਨੇ ਪੈਰ ਪਸਾਰ ਲਏ। ਜਿਸ ਸੁਨੇਹੇ ਨੂੰ ਪਹੁੰਚਣ ’ਚ ਹਫ਼ਤੇ ਲੱਗਦੇ ਸਨ, ਉਹ ਹੁਣ ਵਟਸਐਪ ਜਾਂ ਮੈਸੇਜ ਰਾਹੀਂ ਸਕਿੰਟਾਂ ’ਚ ਪਹੁੰਚ ਜਾਂਦਾ ਹੈ। ਹੱਥੀਂ ਲਿਖੀਆਂ ਚਿੱਠੀਆਂ, ਤਾਰ ਅਤੇ ਗ੍ਰੀਟਿੰਗ ਕਾਰਡ ਭੇਜਣ ਦਾ ਰੁਝਾਨ ਵੀ ਲਗਭਗ ਮੁੱਕ ਚੁੱਕਿਆ ਹੈ ਅਤੇ ਭਾਵਨਾਤਮਿਕ ਸੁਨੇਹਿਆਂ ਦੀ ਥਾਂ ਇਮੋਜੀ ਅਤੇ ਵੀਡੀਓ ਕਾਲਾਂ ਨੇ ਲੈ ਲਈ ਹੈ। ਅੱਜ ਭਾਰਤੀ ਡਾਕ ਵਿਭਾਗ ਨੇ ਪਾਰਸਲ, ਬੈਂਕਿੰਗ ਅਤੇ ਆਧਾਰ ਸੇਵਾਵਾਂ ਵੱਲ ਆਪਣਾ ਰੁਖ਼ ਮੋੜ ਕੇ ਆਪਣੀ ਹੋਂਦ ਤਾਂ ਬਚਾਅ ਲਈ ਹੈ ਪਰ ਸੜਕ ਕੰਢੇ ਖੜ੍ਹੇ ਲਾਲ ਲੈਟਰ-ਬਾਕਸ ਬੀਤੇ ਦੌਰ ਦੀ ਇਕ ਅਜਿਹੀ ਖ਼ਾਮੋਸ਼ ਯਾਦਗਾਰ ਬਣ ਗਏ ਹਨ, ਜਿਨ੍ਹਾਂ ’ਚ ਹੁਣ ਸ਼ਾਇਦ ਹੀ ਕੋਈ ਆਪਣੇ ਦਿਲ ਦੀ ਗੱਲ ਕਾਗ਼ਜ਼ ’ਤੇ ਲਿਖ ਕੇ ਪਾਉਂਦਾ ਹੋਵੇ।

ਪਿਛਲੀ ਖ਼ਬਰ ਉੱਘੇ ਲੇਖਕ-ਪੱਤਰਕਾਰ ਐੱਸ. ਅਸ਼ੋਕ ਭੌਰਾ ਨੇ ਲਿਖਿਆ ਲਾਹੌਰ ਕੌਮਾਂਤਰੀ ਪੰਜਾਬੀ ਕਾਨਫ਼ਰੰਸ ਦਾ ‘ਥੀਮ ਸੌਂਗ’ ਅਗਲੀ ਖ਼ਬਰ ਦਿਵਿਤ ਔਲਖ ਨੂੰ ਅੰਤਿਮ ਅਰਦਾਸ ਮੌਕੇ ਸੰਗੀਤ ਜਗਤ ਅਤੇ ਹੋਰ ਵੱਖ-ਵੱਖ ਸ਼ਖ਼ਸੀਅਤਾਂ ਨੇ ਦਿੱਤੀ ਭਾਵਭਿੰਨੀ ਸ਼ਰਧਾਂਜਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।