16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਮੁੱਖ ਮੰਤਰੀ ਵਲੋਂ ਆਨਲਾਈਨ ਜਨਗਣਨਾ ਦੇ ਦੂਜੇ ਪੜਾਅ ਦੀ ਸ਼ੁਰੂਆਤ 30 ਤੱਕ ਆਨਲਾਈਨ ਸਵੈ-ਗਣਨਾ ਪੂਰੀ ਕੀਤੀ ਜਾ ਸਕਦੀ

ਸੰਗਰੂਰ, 16 ਨਵੰਬਰ (ਸੁਖਵਿੰਦਰ ਸਿੰਘ ਫੁੱਲ, ਧੀਰਜ ਪਸ਼ੌਰੀਆ)-ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਆਪਣੀ ਤੇ ਆਪਣੇ ਪਰਿਵਾਰ ਦੀ ਆਨਲਾਈਨ ਸਵੈ-ਗਣਨਾ ਦੀ ਪ੍ਰਕਿਰਿਆ ਪੂਰੀ ਕਰਕੇ ਸੂਬੇ ਵਿਚ ਜਨਗਣਨਾ 2027 ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ । ਇਸ ਮੌਕੇ ਉਨ੍ਹਾਂ ਸਮੂਹ ਪੰਜਾਬੀਆਂ ਨੂੰ ਇਸ ਮਹੱਤਵਪੂਰਨ ਰਾਸ਼ਟਰੀ ਮੁਹਿੰਮ ਵਿਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ ।

ਅਜੀਤ ਡੈਸਕ 17-11-2026
ਸੰਗਰੂਰ, 16 ਨਵੰਬਰ (ਸੁਖਵਿੰਦਰ ਸਿੰਘ ਫੁੱਲ, ਧੀਰਜ ਪਸ਼ੌਰੀਆ)-ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਆਪਣੀ ਤੇ ਆਪਣੇ ਪਰਿਵਾਰ ਦੀ ਆਨਲਾਈਨ ਸਵੈ-ਗਣਨਾ ਦੀ ਪ੍ਰਕਿਰਿਆ ਪੂਰੀ ਕਰਕੇ ਸੂਬੇ ਵਿਚ ਜਨਗਣਨਾ 2027 ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ । ਇਸ ਮੌਕੇ ਉਨ੍ਹਾਂ ਸਮੂਹ ਪੰਜਾਬੀਆਂ ਨੂੰ ਇਸ ਮਹੱਤਵਪੂਰਨ ਰਾਸ਼ਟਰੀ ਮੁਹਿੰਮ ਵਿਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ । ਉਨ੍ਹਾਂ ਕਿਹਾ ਕਿ ਸਹੀ ਤੇ ਪੂਰੇ ਅੰਕੜੇ ਇਕੱਠੇ ਕਰਨਾ ਪੰਜਾਬ ਦੇ ਭਵਿੱਖੀ ਵਿਕਾਸ, ਯੋਜਨਾਬੰਦੀ ਤੇ ਲੋਕ ਭਲਾਈ ਨੀਤੀਆਂ ਲਈ ਬੇਹੱਦ ਜ਼ਰੂਰੀ ਹੈ । ਮੁੱਖ ਮੰਤਰੀ ਨੇ ਦੱਸਿਆ ਕਿ ਜਨਗਣਨਾ 2027 ਤਹਿਤ ਆਨਲਾਈਨ ਸਵੈ-ਗਣਨਾ ਦੀ ਪ੍ਰਕਿਰਿਆ 16 ਨਵੰਬਰ ਤੋਂ 30 ਨਵੰਬਰ 2026 ਤੱਕ ਜਾਰੀ ਰਹੇਗੀ । ਇਸ ਦੌਰਾਨ ਲੋਕ ਘਰ ਬੈਠੇ ਹੀ ਆਨਲਾਈਨ ਆਪਣੇ ਅਤੇ ਆਪਣੇ ਪਰਿਵਾਰ ਦੇ ਵੇਰਵੇ ਦਰਜ ਕਰਵਾ ਸਕਦੇ ਹਨ । ਇਸ ਤੋਂ ਬਾਅਦ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਗਣਨਾਕਾਰ ਘਰ-ਘਰ ਜਾ ਕੇ ਲੋਕਾਂ ਦੀ ਜਾਣਕਾਰੀ ਇਕੱਠੀ ਕਰਨਗੇ । ਉਨ੍ਹਾਂ ਕਿਹਾ ਕਿ ਹਰ ਪਰਿਵਾਰ ਨੂੰ ਨਿਰਧਾਰਤ ਸਮੇਂ ਅੰਦਰ ਆਪਣੀ ਸਵੈ-ਗਣਨਾ ਜ਼ਰੂਰ ਪੂਰੀ ਕਰਨੀ ਚਾਹੀਦੀ ਹੈ । ਆਪਣਾ ਤਜ਼ਰਬਾ ਸਾਂਝਾ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਖੁਦ ਇਹ ਪ੍ਰਕਿਰਿਆ ਪੂਰੀ ਕੀਤੀ ਹੈ ਤੇ ਇਹ ਬਹੁਤ ਹੀ ਸਰਲ ਤੇ ਸੁਵਿਧਾਜਨਕ ਹੈ। ਇਸ ਨੂੰ ਮੁਕੰਮਲ ਕਰਨ ਲਈ ਲਗਪਗ 25 ਤੋਂ 30 ਮਿੰਟ ਲੱਗਦੇ ਹਨ ਤੇ ਕਿਸੇ ਵੀ ਤਰ੍ਹਾਂ ਦੇ ਦਸਤਾਵੇਜ਼ ਜਮ੍ਹਾਂ ਕਰਵਾਉਣ ਦੀ ਲੋੜ ਨਹੀਂ ਹੈ । ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਝਿਜਕ ਦੇ ਆਪਣੀ ਜਾਣਕਾਰੀ ਸਹੀ ਢੰਗ ਨਾਲ ਦਰਜ ਕਰਵਾਉਣ । ਨਾਲ ਹੀ ਉਨ੍ਹਾਂ ਭਰੋਸਾ ਦਿਵਾਇਆ ਕਿ ਜਨਗਣਨਾ ਦੌਰਾਨ ਦਿੱਤੀ ਜਾਣ ਵਾਲੀ ਸਾਰੀ ਜਾਣਕਾਰੀ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ। ਮੁੱਖ ਮੰਤਰੀ ਨੇ ਦੱਸਿਆ ਕਿ ਜਨਗਣਨਾ ਦੋ ਪੜਾਵਾਂ ਵਿਚ ਕਰਵਾਈ ਜਾ ਰਹੀ ਹੈ । ਇਸ ਦਾ ਪਹਿਲਾ ਪੜਾਅ, ਜਿਸ ਵਿਚ ਘਰਾਂ ਦੀ ਸੂਚੀ ਤਿਆਰ ਕਰਨ ਤੇ ਮਕਾਨਾਂ ਦੀ ਗਣਨਾ ਕਰਨ ਦਾ ਕੰਮ ਸ਼ਾਮਿਲ ਸੀ, ਪੰਜਾਬ ਵਿਚ ਸਫਲਤਾਪੂਰਵਕ ਮੁਕੰਮਲ ਹੋ ਚੁੱਕਾ ਹੈ। ਇਸ ਪੜਾਅ ਦੌਰਾਨ ਘਰਾਂ ਦੀ ਸਥਿਤੀ, ਉਪਲਬਧ ਸਹੂਲਤਾਂ ਤੇ ਘਰੇਲੂ ਜਾਇਦਾਦਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਗਈ ਸੀ । ਉਨ੍ਹਾਂ ਇਸ ਕਾਰਜ ਨੂੰ ਸਫਲ ਬਣਾਉਣ ਲਈ ਜਨਗਣਨਾ ਅਧਿਕਾਰੀਆਂ, ਗਣਨਾਕਾਰਾਂ, ਸੁਪਰਵਾਈਜ਼ਰਾਂ, ਮਾਸਟਰ ਟ੍ਰੇਨਰਾਂ, ਫ਼ੀਲਡ ਟ੍ਰੇਨਰਾਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਸ਼ਲਾਘਾ ਕੀਤੀ । ਦੂਜੇ ਪੜਾਅ ਨੂੰ ਆਬਾਦੀ ਗਣਨਾ ਦਾ ਨਾਮ ਦਿੱਤਾ ਗਿਆ ਹੈ । ਇਸ ਦੌਰਾਨ ਹਰੇਕ ਨਾਗਰਿਕ ਦੀ ਜਨਸੰਖਿਆ ਸਬੰਧੀ ਜਾਣਕਾਰੀ ਦੇ ਨਾਲ-ਨਾਲ ਸਮਾਜਿਕ-ਆਰਥਿਕ ਸਥਿਤੀ, ਪਰਵਾਸ, ਸਿੱਖਿਆ ਅਤੇ ਪ੍ਰਜਨਨ ਦਰ ਨਾਲ ਸਬੰਧਿਤ ਵੇਰਵੇ ਇਕੱਠੇ ਕੀਤੇ ਜਾਣਗੇ । ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਅੰਕੜਿਆਂ ਦੇ ਆਧਾਰ ’ਤੇ ਸਰਕਾਰ ਨੂੰ ਸਿੱਖਿਆ, ਸਿਹਤ, ਰੁਜ਼ਗਾਰ, ਬੁਨਿਆਦੀ ਢਾਂਚੇ ਤੇ ਹੋਰ ਜਨਤਕ ਸਹੂਲਤਾਂ ਸਬੰਧੀ ਭਵਿੱਖੀ ਯੋਜਨਾਵਾਂ ਤਿਆਰ ਕਰਨ ਵਿਚ ਮਦਦ ਮਿਲੇਗੀ। ਇਸ ਮੌਕੇ ਡਾਇਰੈਕਟਰ ਜਨਗਣਨਾ ਅਪਰੇਸ਼ਨਜ਼ ਪੰਜਾਬ ਡਾ. ਨਵਜੋਤ ਖੋਸਾ ਨੇ ਮੁੱਖ ਮੰਤਰੀ ਨੂੰ ਜਨਗਣਨਾ 2027 ਦੇ ਦੂਜੇ ਪੜਾਅ ਅਤੇ ਸਵੈ-ਗਣਨਾ ਪ੍ਰਕਿਰਿਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ।
ਪਿਛਲੀ ਖ਼ਬਰ ਪੰਜਾਬ ’ਚ 200 ਲੱਖ ਮੀਟ੍ਰਿਕ ਟਨ ਝੋਨੇ ਦੇ ਉਤਪਾਦਨ ਦੀ ਸੰਭਾਵਨਾ, ਫ਼ਸਲੀ ਵਿਭਿੰਨਤਾ ’ਚ ਸਰਕਾਰਾਂ ਰਹੀਆਂ ਨਾਕਾਮ ਅਗਲੀ ਖ਼ਬਰ ਸਾਹਨੇਵਾਲ-ਲੁਧਿਆਣਾ ਜੰਕਸ਼ਨ ਸੈਕਸ਼ਨ ’ਚ ਕੰਮਕਾਜ ਦੇ ਚੱਲਦੇ ਰੇਲਾਂ ਰਹਿਣਗੀਆਂ ਪ੍ਰਭਾਵਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।