04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਪਿੰਡ ਮਹਿਣਾ ਦੇ ਮੁਸਲਿਮ ਭਾਈਚਾਰੇ ਨੂੰ ਨਹੀਂ ਹੋਇਆ ਨਸੀਬ ਕਬਰਸਤਾਨ <br/>

ਅਜੀਤ ਡੈਸਕ 26-01-2026
ਮੋਗਾ, 25 ਜਨਵਰੀ (ਗੁਰਤੇਜ ਸਿੰਘ ਬੱਬੀ)-ਪਿੰਡ ਮਹਿਣਾ 'ਚ ਦੇਸ਼ ਦੀ ਵੰਡ ਤੋਂ ਲੈ ਕੇ ਅੱਜ ਤੱਕ ਮੁਸਲਿਮ ਭਾਈਚਾਰੇ ਲਈ ਛੱਡੇ ਗਏ ਕਬਰਸਤਾਨਾਂ ਤੱਕ ਅਜੇ ਵੀ ਕੋਈ ਪੱਕਾ ਜਾਂ ਕਾਨੂੰਨੀ ਰਸਤਾ ਉਪਲਬਧ ਨਹੀਂ ਹੈ | ਰਸਤਾ ਨਾ ਹੋਣ ਕਾਰਨ ਹਰ ਵਾਰ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਕਿਸਾਨਾਂ ਦੇ ਖੇਤਾਂ 'ਚੋਂ ਜਨਾਜ਼ਾ ਲੈ ਕੇ ਅੰਤਿਮ ਰਸਮਾਂ ਨਿਭਾਉਣੀਆਂ ਪੈਂਦੀਆਂ ਹਨ | ਮੁਸਲਿਮ ਭਾਈਚਾਰੇ ਦਾ ਦੋਸ਼ ਹੈ ਕਿ ਪਿੰਡ ਦੇ ਕੁਝ ਕਿਸਾਨਾਂ ਵਲੋਂ ਨਾ ਸਿਰਫ਼ ਕਬਰਸਤਾਨ ਦੀ ਜਗ੍ਹਾ 'ਤੇ ਅੜਚਣਾਂ ਪਾਈਆਂ ਗਈਆਂ, ਸਗੋਂ ਸਰਕਾਰੀ ਨਕਸ਼ੇ ਵਿਚ ਦਰਜ ਰਸਤੇ ਨੂੰ ਵੀ ਜਬਰਨ ਰੋਕਿਆ ਗਿਆ, ਪਰ ਪ੍ਰਸ਼ਾਸਨ ਇਸ ਰਸਤੇ ਨੂੰ ਛਡਵਾਉਣ 'ਚ ਪੂਰੀ ਤਰ੍ਹਾਂ ਅਸਫਲ ਸਾਬਤ ਹੋਇਆ ਹੈ | ਅੱਜ ਜਦ ਮਿ੍ਤਕ ਮਾਤਾ ਰਾਜੋ ਦੇ ਦਿਹਾਂਤ ਤੋਂ ਬਾਅਦ ਜਨਾਜ਼ੇ ਨੂੰ ਪਰਿਵਾਰਕ ਮੈਂਬਰਾਂ ਵਲੋਂ ਕਣਕ ਦੇ ਖੇਤਾਂ ਵਿਚੋਂ ਲੰਘਾ ਕੇ ਕਬਰਸਤਾਨ ਤੱਕ ਲਿਜਾਇਆ ਗਿਆ ਤਾਂ ਇਸ ਮੰਜ਼ਰ ਨੇ ਸਮੇਂ ਦੀਆਂ ਸਰਕਾਰਾਂ ਅਤੇ ਮਨੁੱਖੀ ਅਧਿਕਾਰਾਂ, ਸਾਂਝੀਵਾਲਤਾ, ਸੰਵਿਧਾਨਕ ਹੱਕਾਂ ਦੇ ਰਾਖਿਆਂ 'ਤੇ ਬੜੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ ਕਿ ਆਖ਼ਰ ਧਰਮ ਨਿਰਪੱਖਤਾ ਦਾ ਅਲਾਪ ਰਟਣ ਵਾਲਿਆਂ ਦੀ ਨਜ਼ਰ 'ਚ ਅਜਿਹੇ ਮੁੱਦੇ ਕਿਉਂ ਨਜ਼ਰ ਨਹੀਂ ਆਉਂਦੇ | ਮੁਸਲਿਮ ਭਾਈਚਾਰੇ ਦੇ ਲੋਕਾਂ ਅਤੇ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਮੇਂ-ਸਮੇਂ ਦੀਆਂ ਪੰਚਾਇਤਾਂ, ਸਰਕਾਰਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਸ ਗੰਭੀਰ ਸਮੱਸਿਆ ਬਾਰੇ ਜਾਣੂੰ ਕਰਵਾਇਆ ਜਾਂਦਾ ਰਿਹਾ ਪਰ ਇਹ ਵੀ ਉਦੋਂ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਜਦੋਂ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਦਾ ਵਿਛੋੜਾ ਹੋ ਕੇ ਜਨਾਜ਼ੇ ਤੱਕ ਪਹੁੰਚਣ ਦੀ ਗੱਲ ਚੱਲੀ ਤੇ ਉਸ ਤੋਂ ਬਾਅਦ ਸਭ ਕੁਝ ਭੁਲਾ ਦਿੱਤਾ ਜਾਂਦਾ ਹੈ ਪਰ ਅਜਿਹਾ ਵਰਤਾਰਾ ਸਰਕਾਰਾਂ ਜਾਂ ਹੋਰ ਪ੍ਰਸ਼ਾਸਨਿਕ ਅਧਿਕਾਰੀ ਕਿਉਂ ਕਰਦੇ ਹਨ | ਇਹ ਧਰਮ ਨਿਰਪੱਖਤਾ ਦਾ ਫੋਕਾ ਨਾਅਰਾ ਦੇਣ ਵਾਲਿਆਂ 'ਤੇ ਵੱਡਾ ਸਵਾਲ ਹੈ | ਦੇਰ ਆਏ ਦਰੁਸਤ ਆਏ ਹੁਣ ਸ਼੍ਰੋਮਣੀ ਅਕਾਲੀ ਦਲ ਵਲੋਂ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ ਅਤੇ ਇਸ ਸਬੰਧੀ ਜ਼ਿਲ੍ਹਾ ਮੋਗਾ ਦੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਭੁੱਲਰ ਨੇ ਦੁਖੀ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਅਫ਼ਸੋਸਨਾਕ ਹੈ ਕਿ ਦਹਾਕਿਆਂ ਤੋਂ ਪਿੰਡ ਮਹਿਣਾ ਦੇ ਮੁਸਲਿਮ ਭਾਈਚਾਰੇ ਦੇ ਕਬਰਸਤਾਨਾਂ ਨੂੰ ਰਸਤਾ ਦੇਣਾ ਕਿਸੇ ਵੀ ਸਰਕਾਰ ਜਾਂ ਪੰਚਾਇਤ ਨੇ ਜ਼ਰੂਰੀ ਨਹੀਂ ਸਮਝਿਆ | ਉਨ੍ਹਾਂ ਨੇ ਐਲਾਨ ਕੀਤਾ ਕਿ ਅਕਾਲੀ ਦਲ ਮੁਸਲਿਮ ਭਾਈਚਾਰੇ ਨਾਲ ਮਿਲ ਕੇ ਇਸ ਮਸਲੇ 'ਤੇ ਸੰਘਰਸ਼ ਕਰੇਗਾ ਅਤੇ ਪ੍ਰਸ਼ਾਸਨ ਤੇ ਸਰਕਾਰ ਨੂੰ ਜਵਾਬਦੇਹ ਬਣਾਇਆ ਜਾਵੇਗਾ | ਇਸ ਮੌਕੇ ਮੌਲਵੀ ਸਾਹਿਬ ਨੇ ਦੱਸਿਆ ਕਿ ਪੰਚਾਇਤਾਂ, ਤਹਿਸੀਲਦਾਰ, ਡੀ.ਸੀ. ਅਤੇ ਹਲਕਾ ਵਿਧਾਇਕ ਨੂੰ ਕਈ ਵਾਰ ਇਸ ਮਸਲੇ ਬਾਰੇ ਜਾਣੂੰ ਕਰਵਾਇਆ ਗਿਆ, ਪਰ ਅਜੇ ਤੱਕ ਕਦੇ ਵੀ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ |

ਪਿਛਲੀ ਖ਼ਬਰ ਬੇਅਦਬੀ ਕੇਸਾਂ ਨੂੰ ਚੰਡੀਗੜ੍ਹ ਟਰਾਂਸਫ਼ਰ ਕਰਨ ਖ਼ਿਲਾਫ਼ ਦਾਇਰ ਅਰਜ਼ੀਆਂ ਖ਼ਾਰਜ ਹੋਣ 'ਤੇ ਸਰਕਾਰ ਦੀ ਨਿਖੇਧੀ- ਪੀਰ ਮੁਹੰ... ਅਗਲੀ ਖ਼ਬਰ ਚਾਈਨਾ ਡੋਰ ਤੁਰੰਤ ਬੰਦ ਕੀਤੀ ਜਾਵੇ-ਰਾਕੇਸ਼ ਸਿਤਾਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।