ਮੋਗਾ, 13 ਫਰਵਰੀ (ਸੁਰਿੰਦਰਪਾਲ ਸਿੰਘ)-ਜ਼ਿਲ੍ਹਾ ਟਾਸਕ ਫੋਰਸ ਕਮੇਟੀ ਮੋਗਾ ਦੇ ਮੈਂਬਰਾਂ ਨੇ ਤਹਿਸੀਲ ਬਾਘਾ ਪੁਰਾਣਾ ਵਿਚ ਬਾਲ ਅਤੇ ਕਿਸ਼ੋਰ ਮਜ਼ਦੂਰੀ ਨੂੰ ਖ਼ਤਮ ਕਰਨ ਲਈ ਪੂਰੇ ਭਾਰਤ ਵਿਚ ਬਚਾਅ ਅਤੇ ਪੁਨਰਵਾਸ ਮੁਹਿੰਮ ਸ਼ੁਰੂ ਕੀਤੀ | ਉਨ੍ਹਾਂ ਨੇ ਬਾਘਾ ਪੁਰਾਣਾ ਵਿਚ ਵੱਖ-ਵੱਖ ਥਾਵਾਂ 'ਤੇ ਅਚਾਨਕ ਛਾਪੇਮਾਰੀ ਕੀਤੀ, ਜਿੱਥੇ ਉਨ੍ਹਾਂ ਨੂੰ 18 ਸਾਲ ਤੋਂ ਘੱਟ ਉਮਰ ਦੇ ਬੱਚੇ ਅਤੇ ਕਿਸ਼ੋਰ ਕੰਮ ਕਰਦੇ ਮਿਲੇ | ਛਾਪੇਮਾਰੀ ਦੌਰਾਨ ਮੇਨ ਬਾਜ਼ਾਰ ਬਾਘਾ ਪੁਰਾਣਾ ਵਿਚ ਵੱਖ-ਵੱਖ ਦੁਕਾਨਾਂ ਅਤੇ ਹੋਰ ਵਪਾਰਕ ਅਦਾਰਿਆਂ ਦਾ ਨਿਰੀਖਣ ਕੀਤਾ ਗਿਆ | ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਦੇ ਆਦੇਸ਼ਾਂ ਅਤੇ ਵਿਕਾਸ ਕੁਮਾਰ ਸਹਾਇਕ ਲੇਬਰ ਕਮਿਸ਼ਨਰ ਮੋਗਾ, ਲੇਬਰ ਇੰਸਪੈਕਟਰ ਮਨਰੀਤ ਕੌਰ, ਡਾ. ਵਿਨੋਦ ਕੁਮਾਰ, ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਹਰਪ੍ਰੀਤ ਸਿੰਘ, ਸਮਾਜ ਸੇਵੀ ਯੂ.ਐਚ.ਯੂ. ਮੈਂਬਰ ਭਾਵਨਾ ਬਾਂਸਲ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਵਕੀਲ ਗੁਰਪ੍ਰੀਤ ਸਿੰਘ ਅਤੇ ਪੀ.ਐਲ.ਵੀ. ਜਸਵਿੰਦਰ ਕੌਰ ਅਤੇ ਏ.ਐਸ.ਆਈ. ਬਲਵੀਰ ਸਿੰਘ ਮੌਜੂਦ ਸਨ | ਇਸ ਮੌਕੇ ਟੀਮਾਂ ਨੇ ਦੁਕਾਨਦਾਰਾਂ ਨੂੰ ਬਾਲ/ਕਿਸ਼ੋਰ ਮਜ਼ਦੂਰੀ ਕਰਵਾਉਣ ਲਈ ਤਾੜਨਾ ਕੀਤੀ ਅਤੇ ਉਨ੍ਹਾਂ ਨੂੰ ਅਜਿਹਾ ਅਪਰਾਧ ਨਾ ਦੁਹਰਾਉਣ ਦੀ ਚਿਤਾਵਨੀ ਦਿੱਤੀ ਅਤੇ ਇਸ ਅਪਰਾਧ ਲਈ ਸਜ਼ਾ ਅਤੇ ਜੁਰਮਾਨੇ ਬਾਰੇ ਜਾਣਕਾਰੀ ਦਿੱਤੀ | ਇਸ ਤੋਂ ਇਲਾਵਾ ਹੋਰ ਦੁਕਾਨਾਂ ਅਤੇ ਵਪਾਰਕ ਥਾਵਾਂ ਦੇ ਮਾਲਕਾਂ ਨੂੰ ਬਾਲ ਮਜ਼ਦੂਰੀ ਐਕਟ ਦੇ ਨਿਯਮਾਂ ਬਾਰੇ ਜਾਗਰੂਕ ਕੀਤਾ ਗਿਆ ਅਤੇ ਬਾਲ ਮਜ਼ਦੂਰੀ ਨਾ ਕਰਨ ਸਬੰਧੀ ਇਕ ਰੈਲੀ ਵੀ ਕੱਢੀ ਗਈ |