ਮੋਗਾ, 13 ਫਰਵਰੀ (ਸੁਰਿੰਦਰਪਾਲ ਸਿੰਘ)-ਸ੍ਰੀ ਪੰਚਮੁਖੀ ਧਾਮ ਮੰਦਰ ਆਰਾ ਰੋਡ ਵਲੋਂ ਕਰਵਾਏ ਜਾ ਰਹੇ ਸਾਲਾਨਾ ਮੂਰਤੀ ਸਥਾਪਨਾ ਦਿਵਸ ਦੇ ਸੱਦਾ ਪੱਤਰ ਮੋਗਾ ਦੇ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਜਾਰੀ ਕੀਤੇ | ਇਸ ਮੌਕੇ ਸੁਸ਼ੀਲ ਮਿੱਢਾ, ਸ਼ਿਵ ਟੰਡਨ, ਅਮਨ ਮਦਾਨ, ਪ੍ਰੀਤਪਾਲ ਸਿੰਘ, ਲੱਕੀ ਗਿੱਲ, ਸੌਰਵ ਗੋਇਲ, ਮਨੋਜ ਜੈਸਵਾਲ, ਮੁਨੀਸ਼ ਕੋਹਲੀ ਦੇ ਇਲਾਵਾ ਹੋਰ ਹਾਜ਼ਰ ਸਨ | ਇਸ ਮੌਕੇ ਵਿਧਾਇਕ ਅਮਨਦੀਪ ਕੌਰ ਅਰੋੜਾ ਨੇ ਮੰਦਰ ਕਮੇਟੀ ਵਲੋਂ ਕੀਤੇ ਜਾਣ ਵਾਲੇ ਧਾਰਮਿਕ ਤੇ ਸਮਾਜ ਸੇਵੀ ਕੰਮਾਂ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਸ੍ਰੀ ਪੰਚਮੁਖੀ ਮੰਦਰ ਕਮੇਟੀ ਦੇ ਯੁਵਾ ਮੈਂਬਰ ਗ਼ਰੀਬਾਂ ਅਤੇ ਲੋੜਵੰਦਾਂ ਦੀ ਸੇਵਾ ਵਿਚ ਵਧੀਆ ਭੂਮਿਕਾ ਨਿਭਾ ਰਹੇ ਹਨ | ਉਨ੍ਹਾਂ ਕਿਹਾ ਕਿ ਲੰਗਰ ਲਗਾ ਕੇ ਹਰ ਹਫ਼ਤੇ ਲੋੜਵੰਦਾਂ ਨੂੰ ਭੋਜਨ ਖਵਾਉਣਾ ਪੁੰਨ ਦਾ ਕੰਮ ਹੈ | ਅਮਨਦੀਪ ਅਰੋੜਾ ਨੇ ਕਿਹਾ ਕਿ ਸ੍ਰੀ ਰਾਮਨੌਮੀ ਦੇ ਮੌਕੇ 'ਤੇ ਲੋੜਵੰਦਾਂ ਨੂੰ ਕੱਪੜੇ ਅਤੇ ਜ਼ਰੂਰੀ ਸਾਮਾਨ ਵੰਡਣ ਦਾ ਕੰਮ ਸ਼ਲਾਘਾਯੋਗ ਹੈ | ਸ਼ਿਵ ਟੰਡਨ ਅਤੇ ਸੁਸ਼ੀਲ ਮਿੱਢਾ ਨੇ ਦੱਸਿਆ ਕਿ ਸ੍ਰੀ ਪੰਚਮੁਖੀ ਧਾਮ ਮੰਦਰ ਆਰਾ ਰੋਡ ਵਲੋਂ ਸ੍ਰੀ ਰਾਮਨੌਮੀ ਦੇ ਮੌਕੇ ਸਾਲਾਨਾ ਮੂਰਤੀ ਸਥਾਪਨਾ ਦਿਵਸ 28 ਮਾਰਚ ਨੂੰ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਦੌਰਾਨ ਖ਼ਾਸ ਸੱਦੇ ਗਾਇਕ ਰਾਕੇਸ਼ ਸਚਦੇਵਾ ਬਾਲਾ ਜੀ ਦੇ ਭਜਨਾਂ ਦਾ ਗੁਣਗਾਨ ਕਰਨਗੇ | ਉਨ੍ਹਾਂ ਦੱਸਿਆ ਕਿ ਇਸ ਮੌਕੇ ਸਮਾਗਮ ਵਾਲੇ ਸਥਾਨ ਨੂੰ ਰੰਗ-ਬਰੰਗੀਆਂ ਆਕਰਸ਼ਕ ਲਾਈਟਾਂ ਨਾਲ ਸਜਾਇਆ ਜਾਵੇਗਾ | ਦਰਬਾਰ ਦੀ ਸ਼ੋਭਾ ਵੇਖਣ ਯੋਗ ਹੋਵੇਗੀ | ਉਨ੍ਹਾਂ ਦੱਸਿਆ ਕਿ ਸਮਾਗਮ ਦੌਰਾਨ ਸ਼ਹਿਰ ਵਿਚ ਧਾਰਮਿਕ ਤੇ ਸਮਾਜ ਸੇਵੀ ਕੰਮਾਂ ਵਿਚ ਯੋਗਦਾਨ ਪਾਉਣ ਵਾਲੇ ਪਤਵੰਤੇ ਵਿਅਕਤੀਆਂ ਨੂੰ ਖ਼ਾਸ ਤੌਰ 'ਤੇ ਸਨਮਾਨਿਤ ਵੀ ਕੀਤਾ ਜਾਵੇਗਾ | ਸੱਦਾ ਪੱਤਰ ਜਾਰੀ ਕਰਨ ਦੇ ਨਾਲ-ਨਾਲ ਸੱਦੇ ਵੰਡਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ | ਸ਼ਿਵ ਟੰਡਨ ਨੇ ਦੱਸਿਆ ਕਿ ਹਰ ਹਫ਼ਤੇ ਮੰਦਰ ਕਮੇਟੀ ਵਲੋਂ ਸਮਾਗਮ ਕੀਤਾ ਜਾਂਦਾ ਹੈ ਅਤੇ ਲੰਗਰ ਲਗਾਇਆ ਜਾਂਦਾ ਹੈ |