ਮੋਗਾ, 14 ਫਰਵਰੀ (ਸੁਰਿੰਦਰਪਾਲ ਸਿੰਘ)-ਪੰਜਾਬ ਗੌਰਮਿੰਟ ਪੈਨਸ਼ਨਰ ਜੁਆਇੰਟ ਫ਼ਰੰਟ ਦੀ ਲੁਧਿਆਣਾ ਵਿਖੇ ਹੋਈ ਮੀਟਿੰਗ ਦੇ ਫ਼ੈਸਲੇ ਅਨੁਸਾਰ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਭਜਨ ਸਿੰਘ ਗਿੱਲ, ਸੁਰਿੰਦਰ ਰਾਮ ਕੁੱਸਾ, ਚਮਕੌਰ ਸਿੰਘ ਸਰਾਂ, ਪ੍ਰੇਮ ਕੁਮਾਰ, ਪੰਜਾਬ ਗੌਰਮਿੰਟ ਪੈਨਸ਼ਨਰ ਮਹਾਸੰਘ ਵਲੋਂ ਸਵਰਨ ਸਿੰਘ, ਰਛਪਾਲ ਸਿੰਘ, ਨਰੇਸ਼ ਕੁਮਾਰ, ਗੁਰਦੇਵ ਸਿੰਘ, ਪੰਜਾਬ ਪਾਵਰਕਾਮ ਪੈਨਸ਼ਨਰ ਐਸੋਸੀਏਸ਼ਨ ਦੇ ਬਲੌਰ ਸਿੰਘ ਘਾਲੀ, ਬਲਵਿੰਦਰ ਸਿੰਘ, ਜਾਗੀਰ ਸਿੰਘ ਖੋਖਰ, ਦਲੀਪ ਸਿੰਘ ਅਤੇ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਵਲੋਂ ਰਛਪਾਲ ਸਿੰਘ ਪ੍ਰਧਾਨ, ਸੁਖਦੇਵ ਸਿੰਘ ਖੋਸਾ ਸਕੱਤਰ 'ਤੇ ਆਧਾਰਤ ਇਕ ਵਫ਼ਦ ਵਲੋਂ ਮੋਗਾ ਵਿਖੇ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੂੰ ਪੈਨਸ਼ਨਰਾਂ ਦੀਆਂ ਹੱਕੀ ਤੇ ਲਟਕਦੀਆਂ ਮੰਗਾਂ ਦੀ ਪੂਰਤੀ ਲਈ ਮੰਗ ਪੱਤਰ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਪੰਜਾਬ ਦੇ ਨਾਂਅ ਦਿੱਤਾ ਗਿਆ | ਡਿਪਟੀ ਕਮਿਸ਼ਨਰ ਨੇ ਮੰਗ ਪੱਤਰ ਮੁੱਖ ਮੰਤਰੀ ਵਿੱਤ ਮੰਤਰੀ ਨੂੰ ਤੁਰੰਤ ਭੇਜਣ ਦਾ ਵਿਸ਼ਵਾਸ ਦਿਵਾਇਆ ਜਿਸ ਵਿਚ ਮੰਗ ਕੀਤੀ ਗਈ ਹੈ ਕਿ ਛੇਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਪੈਨਸ਼ਨ ਸੋਧ ਦਾ 2.59 ਦਾ ਗੁਣਾਂਕ ਅਤੇ ਨੋਸ਼ਨਲ ਪੇ ਫਿਕਸੇਸ਼ਨ ਅਨੁਸਾਰ ਪੈਨਸ਼ਨਾਂ ਦੀ ਸੁਧਾਈ ਦੀ ਮੰਗ ਨੂੰ ਪੂਰਾ ਕੀਤਾ ਜਾਵੇ | ਜੁਲਾਈ 21 ਤੋਂ ਬਾਅਦ ਬਣਦੀਆਂ ਡੀ.ਏ. ਦੀਆਂ ਕਿਸ਼ਤਾਂ ਦਾ 158 ਮਹੀਨੇ ਦਾ ਬਕਾਇਆ ਵੀ ਤੁਰੰਤ ਜਾਰੀ ਕੀਤਾ ਜਾਵੇ | ਅਰਧ ਸਰਕਾਰੀ ਅਦਾਰਿਆਂ ਦੇ ਉਪਰੋਕਤ ਬਕਾਏ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਵਾਂਗ ਨਿਯਮਿਤ ਰੂਪ ਵਿਚ ਦਿੱਤੇ ਜਾਣ, ਰਹਿੰਦੀ ਰਿਵਾਈਜ਼ਡ ਲੀਵ ਇਨਕੈਸ਼ਮੈਂਟ ਯਕਮੁਸ਼ਤ ਦਿੱਤੀ ਜਾਵੇ ਜਾਵੇ | ਵਫ਼ਦ ਨੇ ਮੰਗ ਕੀਤੀ ਕਿ ਉਪਰੋਕਤ ਮੰਗਾਂ ਦਾ ਨਿਪਟਾਰਾ ਜਲਦ ਕਰਨ ਲਈ ਪੈਨਸ਼ਨਰ ਜੁਆਇੰਟ ਫ਼ਰੰਟ ਨੂੰ ਮੀਟਿੰਗ ਦਾ ਸਮਾਂ ਦਿੱਤਾ ਜਾਵੇ | ਜੇਕਰ ਪੰਜਾਬ ਸਰਕਾਰ ਨੇ ਉਪਰੋਕਤ ਮੰਗਾਂ ਦਾ ਨਿਪਟਾਰਾ ਨਾ ਕੀਤਾ ਤਾਂ ਪੰਜਾਬ ਦੇ ਪੈਨਸ਼ਨਰ ਬਜਟ ਸੈਸ਼ਨ ਤੋਂ ਪਹਿਲਾਂ ਸੰਗਰੂਰ ਵਿਖੇ ਇਕ ਵਿਸ਼ਾਲ ਰੈਲੀ ਕਰ ਕੇ ਆਪਣੇ ਗ਼ੁੱਸੇ ਦਾ ਇਜ਼ਹਾਰ ਕਰਦੇ ਹੋਏ ਸੰਗਰੂਰ ਸ਼ਹਿਰ ਦੀਆ ਸੜਕਾਂ 'ਤੇ ਮਾਰਚ ਕਰਨ ਲਈ ਮਜਬੂਰ ਹੋਣਗੇ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ |