ਨੱਥੂਵਾਲਾ ਗਰਬੀ, 15 ਫਰਵਰੀ (ਨਵਦੀਪ ਸਿੰਘ)-ਪੰਜਾਬ ਸਰਕਾਰ ਦੀ ਅਣਗਹਿਲੀ ਕਾਰਨ ਪੰਜਾਬ ਵਿਚ ਬਹੁਤ ਹੀ ਨੌਜਵਾਨ ਨਸ਼ਿਆਂ ਨਾਲ ਮਰ ਰਹੇ ਹਨ ਪਰ ਪੰਜਾਬ ਸਰਕਾਰ ਵਲੋਂ ਯੁੱਧ ਨਸ਼ਿਆਂ ਵਿਰੁੱਧ ਲੜਿਆ ਜਾ ਰਿਹਾ ਹੈ | ਇਹ ਪ੍ਰਗਟਾਵਾ ਅਰਸ਼ਪ੍ਰੀਤ ਸਿੰਘ ਸਦਿਓੜਾ ਪ੍ਰਧਾਨ ਐਸ.ਓ.ਆਈ. ਬਾਘਾ ਪੁਰਾਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਸਿਰਫ਼ ਕੇਸ ਦਰਜ ਕਰਨ ਨਾਲ ਹੀ ਨਸ਼ੇ ਖ਼ਤਮ ਨਹੀਂ ਹੋਣਗੇ ਸਗੋਂ ਇਹ ਸਵੀਕਾਰ ਕਰਨਾ ਪਵੇਗਾ ਕਿ ਇਸ ਸਰਕਾਰ ਤੋਂ ਨਸ਼ਿਆਂ ਨੂੰ ਰੋਕਿਆ ਨਹੀ ਜਾ ਸਕਿਆ | ਉਨ੍ਹਾਂ ਕਿਹਾ ਕਿ ਮੋਗਾ ਦੇ ਕਿਲੀ ਚਾਹਲਾਂ ਵਿਚ ਪੰਜਾਬ ਸਰਕਾਰ ਵਲੋਂ ਯੁੱਧ ਨਸ਼ਿਆਂ ਵਿਰੁੱਧ ਦੂਜੀ ਮੁਹਿੰਮ ਨੂੰ ਸ਼ੁਰੂ ਕਰਨਾ ਇਕ ਸਿਆਸੀ ਡਰਾਮਾ ਹੈ | ਉਨ੍ਹਾਂ ਇਸ ਰੈਲੀ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਦਾ ਪੰਜਾਬ ਨਾਲ ਕੋਈ ਵਾਹ ਵਾਸਤਾ ਵੀ ਨਹੀਂ ਹੈ ਉਨ੍ਹਾਂ ਵਿਅਕਤੀਆਂ ਦੇ ਵੱਡੇ-ਵੱਡੇ ਬੋਰਡ ਲਗਾ ਕੇ ਪੰਜਾਬ ਸਰਕਾਰ ਦੇ ਖ਼ਜ਼ਾਨੇ ਨੂੰ ਚੂਨਾ ਲਾਇਆ ਜਾ ਰਿਹਾ ਹੈ |