ਮੋਗਾ, 15 ਫਰਵਰੀ (ਸੁਰਿੰਦਰਪਾਲ ਸਿੰਘ)-ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਮੋਗਾ ਸਥਿਤ ਆਸ਼ਰਮ ਵਿਖੇ ਸਤਿਸੰਗ ਕਰਵਾਇਆ ਗਿਆ | ਜਿਸ ਵਿਚ ਪਹੁੰਚੀ ਹੋਈ ਸੰਗਤ ਨੂੰ ਸੰਬੋਧਨ ਕਰਦੇ ਹੋਏ ਸਾਧਵੀ ਭਾਰਤੀ ਨੇ ਕਿਹਾ ਕਿ ਸਦੀਆਂ ਤੋਂ ਸਮਾਜ 'ਚ ਨਾਸਤਿਕਾਂ ਦਾ ਇਕ ਵਰਗ ਬਣਿਆ ਹੋਇਆ ਹੈ, ਜੋ ਪ੍ਰਮਾਤਮਾ ਦੀ ਹੋਂਦ 'ਤੇ ਪ੍ਰਸ਼ਨ ਉਠਾਉਂਦਾ ਰਿਹਾ ਹੈ | ਕੇਵਲ ਇਸ ਤਰਕ ਦੇ ਅਧਾਰ 'ਤੇ ਕਿ ਅਸੀਂ ਰੱਬ ਨੂੰ ਨਹੀਂ ਦੇਖਿਆ ਹੈ | ਫਿਰ ਅਸੀਂ ਉਸ ਦੀ ਹੋਂਦ ਨੂੰ ਕਿਉਂ ਸਵੀਕਾਰ ਕਰੀਏ? ਸੰਸਾਰ ਵਿਚ ਬਹੁਤ ਸਾਰੀਆਂ ਅਜਿਹੀਆਂ ਵਸਤੂਆਂ ਜਾਂ ਤੱਤ ਹਨ ਜੋ ਨਜ਼ਰ ਨਹੀਂ ਆਉਂਦੇ | ਪਰ ਉਨ੍ਹਾਂ ਦਾ ਪ੍ਰਭਾਵ ਜ਼ਰੂਰ ਦਿਖਾਈ ਦਿੰਦਾ ਹੈ | ਜਿਸ ਤਰ੍ਹਾਂ ਪਿਆਰ, ਨਫ਼ਰਤ, ਦਰਦ ਵਰਗੀਆਂ ਭਾਵਨਾਵਾਂ ਨੂੰ ਦੇਖਿਆ ਨਹੀਂ ਜਾ ਸਕਦਾ | ਪਰ ਉਨ੍ਹਾਂ ਦਾ ਪ੍ਰਭਾਵ ਚਿਹਰੇ ਅਤੇ ਹਾਵ-ਭਾਵ ਨਾਲ ਜ਼ਰੂਰ ਦਿਖਾਈ ਦਿੰਦਾ ਹੈ | ਇਸੇ ਤਰ੍ਹਾਂ ਇਹ ਰਚਨਾ ਪ੍ਰਮਾਤਮਾ ਦਾ ਪ੍ਰਭਾਵ ਹੈ, ਉਸ ਦੀ ਹੋਂਦ ਦਾ ਪ੍ਰਮਾਣ ਹੈ | ਰਾਤ ਨੂੰ ਅਸੀਂ ਅਸਮਾਨ ਵਿਚ ਬਹੁਤ ਸਾਰੇ ਤਾਰਾ-ਮੰਡਲ ਦੇਖਦੇ ਹਾਂ | ਪਰ ਜੇਕਰ ਤੁਸੀਂ ਸੂਰਜ ਚੜ੍ਹਨ ਤੋਂ ਬਾਅਦ ਨਹੀਂ ਦੇਖ ਸਕਦੇ, ਤਾਂ ਇਸ ਦਾ ਮਤਲਬ ਇਹ ਨਹੀਂ ਕੱਢਿਆ ਜਾ ਸਕਦਾ ਕਿ ਦਿਨ ਵੇਲੇ ਅਸਮਾਨ ਵਿਚ ਕੋਈ ਤਾਰੇ ਨਹੀਂ ਹੁੰਦੇ | ਅਸੀਂ ਆਪਣੀ ਅਗਿਆਨਤਾ ਦੀ ਸਥਿਤੀ ਵਿਚ ਪ੍ਰਮਾਤਮਾ ਨੂੰ ਨਹੀਂ ਦੇਖ ਸਕਦੇ, ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਪ੍ਰਮਾਤਮਾ ਦੀ ਹੋਂਦ ਨਹੀਂ ਹੈ | ਸਾਧਵੀ ਨੇ ਕਿਹਾ ਕਿ ਇਸੇ ਤਰ੍ਹਾਂ ਪ੍ਰਮਾਤਮਾ ਸਿ੍ਸ਼ਟੀ ਦੇ ਹਰ ਕਣ ਵਿਚ ਪ੍ਰਕਾਸ਼ ਕਰ ਰਿਹਾ ਹੈ | ਉਸ ਦੀ ਆਵਾਜ਼ ਸਾਡੇ ਹੋਂਦ ਦੇ ਹਰ ਰੋਮ ਵਿਚ ਬੋਲਦੀ ਹੈ | ਪਰ ਇਨ੍ਹਾਂ ਨੂੰ ਅਨੁਭਵ ਕਰਨ ਲਈ ਬ੍ਰਹਮ ਗਿਆਨ ਦੀ ਯੁਕਤੀ ਦੀ ਲੋੜ ਹੈ, ਬ੍ਰਹਮ ਗਿਆਨ ਦੀ ਇਹ ਯੁਕਤੀ ਸਤਿਗੁਰੂ ਨੇ ਪ੍ਰਦਾਨ ਕੀਤੀ ਹੈ |