ਮੋਗਾ, 17 ਫਰਵਰੀ (ਸੁਰਿੰਦਰਪਾਲ ਸਿੰਘ)-ਬੀਤੇ ਕੱਲ੍ਹ ਮਾਨ ਸਰਕਾਰ ਵਲੋਂ ਕਿਲੀ ਚਾਹਲਾਂ (ਮੋਗਾ) ਵਿਖੇ ਕੀਤੀ ਗਈ ਯੁੱਧ ਨਸ਼ਿਆਂ ਵਿਰੁੱਧ ਸੂਬਾ ਪੱਧਰੀ ਰੈਲੀ ਡਰਾਮੇਬਾਜ਼ੀ ਸਾਬਤ ਹੋਈ, ਕਿਉਂਕਿ ਇਸ ਰੈਲੀ ਵਿਚ ਭੀੜ ਇਕੱਠੀ ਕਰਨ ਲਈ ਜਿੱਥੇ ਸਰਕਾਰੀ ਤੰਤਰ ਦੀ ਦੁਰਵਰਤੋਂ ਕੀਤੀ ਗਈ, ਉੱਥੇ ਵੱਖ-ਵੱਖ ਵਿਭਾਗ ਦੇ ਕਰਮਚਾਰੀਆਂ ਦੀਆਂ ਜਬਰੀ ਡਿਊਟੀਆਂ ਲਗਾਈਆਂ ਗਈਆਂ ਸਨ | ਇਹ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਤੇ ਕੋਰ ਕਮੇਟੀ ਮੈਂਬਰ ਜਥੇ. ਤੀਰਥ ਸਿੰਘ ਮਾਹਲਾ ਨੇ 'ਅਜੀਤ' ਗੱਲਬਾਤ ਕਰਦਿਆਂ ਪ੍ਰਗਟ ਕੀਤੇ | ਉਨ੍ਹਾਂ ਕਿਹਾ ਕਿ ਇਸ ਰੈਲੀ ਨੂੰ ਲੈ ਕੇ ਜਿੱਥੇ ਅਧਿਆਪਕਾਂ, ਪਟਵਾਰੀਆਂ ਤੇ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਦੀਆਂ ਇਕੱਠ ਕਰਨ ਲਈ ਡਿਊਟੀਆਂ ਲਗਾਈਆਂ ਸਨ ਪਰ ਇਕੱਠ ਪੱਖੋ ਇਹ ਰੈਲੀ ਪੂਰੀ ਤਰਾਂ ਅਸਫਲ ਸਾਬਤ ਹੋਈ | ਦੁਪਹਿਰ ਡੇਢ ਵਜੇ ਤੱਕ ਅੱਧੇ ਤੋ ਜ਼ਿਆਦਾ ਕੁਰਸੀਆਂ ਖਾਲੀ ਨਜ਼ਰ ਆਈਆਂ ਅਤੇ ਸੂਬੇ ਦੇ ਲੋਕਾਂ ਨੂੰ ਇਸ ਰੈਲੀ ਤੋ ਵੱਡੀਆਂ ਆਸਾਂ ਸਨ ਕਿਉਂਕਿ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਲਈ ਕੋਈ ਵੱਡਾ ਐਲਾਨ ਕਰਨਗੇ, ਪਰ ਲੋਕਾਂ ਦੇ ਪੱਲੇ ਨਿਰਾਸ਼ਾ ਹੀ ਪਈ | ਜ਼ਿਲ੍ਹਾ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ ਨਿਹਾਲ ਸਿੰਘ ਭੁੱਲਰ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਖਣਮੁੱਖ ਭਾਰਤੀ ਪੱਤੋ, ਹਲਕਾ ਇੰਚਾਰਜ ਸੰਜੀਤ ਸਿੰਘ ਸੰਨੀ ਗਿੱਲ, ਰਣਵਿੰਦਰ ਸਿੰਘ ਪੱਪੂ ਰਾਮੂੰਵਾਲਾ ਕੌਮੀ ਪ੍ਰਧਾਨ ਅਕਾਲੀ ਦਲ, ਰਾਜਵਿੰਦਰ ਸਿੰਘ ਧਰਮਕੋਟ ਹਲਕਾ ਇੰਚਾਰਜ ਨਿਹਾਲ ਸਿੰਘ ਵਾਲਾ, ਸੀ. ਅਕਾਲੀ ਆਗੂ ਤੇ ਉੱਘੇ ਸਮਾਜ ਸੇਵੀ ਰਜਿੰਦਰ ਸਿੰਘ ਡੱਲਾ ਨੇ ਵੀ ਆਪਣੇ ਬਿਆਨ ਵਿਚ ਇਸ ਸੂਬਾ ਪੱਧਰੀ ਰੈਲੀ ਨੂੰ ਪੰਜਾਬ ਦੇ ਲੋਕਾਂ ਨਾਲ ਧੋਖਾ ਕਰਾਰ ਦਿੱਤਾ | ਉਨ੍ਹਾਂ ਕਿਹਾ ਕਿ ਰੈਲੀਆਂ ਨਸ਼ਿਆਂ ਨੂੰ ਨੱਥ ਨਹੀ ਪਾ ਸਕਦੀਆਂ ਇਸ 'ਤੇ ਸਰਕਾਰਾਂ ਨੂੰ ਗਰਾਊਾਡ ਲੈਵਲ ਤੇ ਕੰਮ ਕਰਨਾ ਚਾਹੀਦਾ ਹੈ, ਤਾਂ ਹੀ ਸੂਬੇ ਵਿਚ ਦੈਤ ਵਾਂਗ ਫੈਲੇ ਨਸ਼ੇ ਨੂੰ ਰੋਕਿਆ ਜਾ ਸਕਦਾ ਹੈ |