ਮੋਗਾ, 17 ਫਰਵਰੀ (ਸੁਰਿੰਦਰਪਾਲ ਸਿੰਘ)-ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸੰਜੀਤ ਸਿੰਘ ਉਰਫ਼ ਸਨੀ ਗਿੱਲ ਦੇ ਯਤਨਾਂ ਨਾਲ ਨਿਗਾਹਾ ਰੋਡ 'ਤੇ ਜ਼ਮੀਨ ਵਿਚ ਧਸੀ ਸੜਕ ਦੀ ਮੁਰੰਮਤ ਦਾ ਕੰਮ ਆਿਖ਼ਰਕਾਰ ਸ਼ੁਰੂ ਕਰਵਾ ਦਿੱਤਾ ਗਿਆ ਹੈ | ਕਾਫ਼ੀ ਸਮੇਂ ਤੋਂ ਲੰਬਿਤ ਪਈ ਇਸ ਸਮੱਸਿਆ ਕਾਰਨ ਇਲਾਕਾ ਵਾਸੀਆਂ ਵਿਚ ਰੋਸ ਵਧ ਰਿਹਾ ਸੀ | ਮਿਲੀ ਜਾਣਕਾਰੀ ਅਨੁਸਾਰ ਲਗਭਗ 15 ਦਿਨ ਪਹਿਲਾਂ ਨਿਗਾਹਾ ਰੋਡ 'ਤੇ ਸੜਕ ਦਾ ਇਕ ਛੋਟਾ ਹਿੱਸਾ ਅਚਾਨਕ ਧਸ ਗਿਆ ਸੀ | ਸ਼ੁਰੂਆਤੀ ਤੌਰ 'ਤੇ ਨਗਰ ਨਿਗਮ ਦੇ ਕਰਮਚਾਰੀਆਂ ਨੇ ਮੌਕੇ 'ਤੇ ਇਕ ਟਰਾਲੀ ਰੱਖ ਕੇ ਰਸਤਾ ਨਿਸ਼ਾਨਜ਼ਦ ਕੀਤਾ, ਪਰ ਉਸ ਤੋਂ ਬਾਅਦ ਮੁਰੰਮਤ ਸੰਬੰਧੀ ਕੋਈ ਢੰਗ ਦੀ ਕਾਰਵਾਈ ਨਹੀਂ ਕੀਤੀ ਗਈ | ਲਗਾਤਾਰ ਅਣਗਹਿਲੀ ਕਾਰਨ ਇਹ ਖੱਡਾ ਵਧਦਿਆਂ-ਵਧਦਿਆਂ ਕਰੀਬ 15 ਤੋਂ 16 ਫੁੱਟ ਗਹਿਰਾ ਹੋ ਗਿਆ, ਜਿਸ ਨਾਲ ਆਸ-ਪਾਸ ਦੇ ਨਿਵਾਸੀਆਂ ਅਤੇ ਰਾਹਗੀਰਾਂ ਲਈ ਗੰਭੀਰ ਖ਼ਤਰਾ ਪੈਦਾ ਹੋ ਗਿਆ | ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਹਲਕਾ ਇੰਚਾਰਜ ਸਨੀ ਗਿੱਲ ਨੇ ਨਗਰ ਨਿਗਮ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਸੀ ਕਿ ਜੇ ਤੁਰੰਤ ਮੁਰੰਮਤ ਕੰਮ ਸ਼ੁਰੂ ਨਾ ਕੀਤਾ ਗਿਆ ਤਾਂ ਦੋ ਦਿਨਾਂ ਦੇ ਅੰਦਰ ਇਲਾਕਾ ਵਾਸੀਆਂ ਨਾਲ ਮਿਲ ਕੇ ਨਗਰ ਨਿਗਮ ਦਫ਼ਤਰ ਅੱਗੇ ਧਰਨਾ ਦਿੱਤਾ ਜਾਵੇਗਾ | ਅੱਜ ਉਨ੍ਹਾਂ ਨੇ ਨਿਗਮ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਇਸ ਸਮੱਸਿਆ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਤੁਰੰਤ ਹੱਲ ਦੀ ਮੰਗ ਕੀਤੀ | ਨਿਗਮ ਕਮਿਸ਼ਨਰ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਸੰਬੰਧਿਤ ਵਿਭਾਗ ਨੂੰ ਮੁਰੰਮਤ ਕੰਮ ਸ਼ੁਰੂ ਕਰਨ ਦੇ ਹੁਕਮ ਜਾਰੀ ਕੀਤੇ, ਜਿਸ ਤੋਂ ਬਾਅਦ ਮੌਕੇ 'ਤੇ ਕੰਮ ਸ਼ੁਰੂ ਹੋ ਗਿਆ ਹੈ | ਸਥਾਨਕ ਵਸਨੀਕਾਂ ਨੇ ਇਸ ਕਦਮ ਦਾ ਸਵਾਗਤ ਕਰਦਿਆਂ ਆਸ ਪ੍ਰਗਟ ਕੀਤੀ ਹੈ ਕਿ ਜਲਦੀ ਹੀ ਸੜਕ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਆਵਾਜਾਈ ਯੋਗ ਬਣ ਜਾਵੇਗੀ | ਇਸ ਤੋਂ ਇਲਾਵਾ ਸਨੀ ਗਿੱਲ ਨੇ ਵਾਰਡ ਨੰਬਰ 44 ਵਿਚ ਬਕਾਇਆ ਪਏ ਦੋ ਹੋਰ ਵਿਕਾਸ ਕਾਰਜਾਂ ਨੂੰ ਵੀ ਜਲਦੀ ਸ਼ੁਰੂ ਕਰਨ ਦੀ ਮੰਗ ਕੀਤੀ ਹੈ |