ਮੋਗਾ, 19 ਫਰਵਰੀ (ਸੁਰਿੰਦਰਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨ ਸਭਾ ਹਲਕਾ ਮੋਗਾ ਦੇ ਇੰਚਾਰਜ ਸੰਜੀਤ ਸਿੰਘ ਸਨੀ ਗਿੱਲ ਨੇ ਸੂਬੇ ਦੇ ਆਲੂ ਕਿਸਾਨਾਂ ਦੀ ਗੰਭੀਰ ਸਥਿਤੀ 'ਤੇ ਗਹਿਰੀ ਚਿੰਤਾ ਜਤਾਉਂਦੇ ਹੋਏ ਪੰਜਾਬ ਸਰਕਾਰ ਤੋਂ ਤੁਰੰਤ ਰਾਹਤ ਪੈਕੇਜ ਜਾਂ ਐਮ.ਐਸ.ਪੀ. ਐਲਾਨਣ ਦੀ ਮੰਗ ਕੀਤੀ | ਉਨ੍ਹਾਂ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਸਰਕਾਰ ਵਾਕਈ ਕਿਸਾਨ ਹਿਤੈਸ਼ੀ ਹੈ ਤਾਂ ਆਲੂ ਉਤਪਾਦਕਾਂ ਨੂੰ ਨਿਊਨਤਮ ਸਮਰਥਨ ਮੁੱਲ ਦੇ ਕੇ ਉਨ੍ਹਾਂ ਦੀ ਆਰਥਿਕ ਸੁਰੱਖਿਆ ਯਕੀਨੀ ਬਣਾਏ | ਸਨੀ ਗਿੱਲ ਨੇ ਕਿਹਾ ਕਿ ਇਸ ਵੇਲੇ ਪੰਜਾਬ ਦਾ ਆਲੂ ਕਿਸਾਨ ਸੰਕਟ ਨਾਲ ਜੂਝ ਰਿਹਾ ਹੈ | ਜਨਵਰੀ-ਫਰਵਰੀ 2026 ਦੀ ਬੇਮੌਸਮੀ ਬਾਰਸ਼ ਅਤੇ ਓਲਾ ਵਰਖਾ ਨੇ ਖੜ੍ਹੀ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ | ਖੇਤਾਂ ਵਿਚ ਪਾਣੀ ਭਰਨ ਕਾਰਨ ਆਲੂ ਸੜਨ ਲੱਗ ਪਏ ਹਨ ਅਤੇ ਕਟਾਈ ਦਾ ਕੰਮ ਪ੍ਰਭਾਵਿਤ ਹੋਇਆ ਹੈ | ਇਸ ਦੇ ਨਾਲ ਹੀ ਨਮੀ ਵਧਣ ਕਾਰਨ ਫ਼ਸਲ ਵਿਚ ਪਿਛੇਤੀ ਝੁਲਸਾ (ਲੇਟ ਬਲਾਈਟ) ਵਰਗੀਆਂ ਬਿਮਾਰੀਆਂ ਦਾ ਪ੍ਰਕੋਪ ਵੱਧ ਗਿਆ ਹੈ, ਜਿਸ ਨਾਲ ਪੈਦਾਵਾਰ ਘਟਣ ਦਾ ਖ਼ਤਰਾ ਬਣ ਗਿਆ ਹੈ | ਉਨ੍ਹਾਂ ਦੱਸਿਆ ਕਿ ਕੁਦਰਤੀ ਆਫ਼ਤ ਤੋਂ ਬਾਅਦ ਬਾਜ਼ਾਰ ਵਿਚ ਵੀ ਕਿਸਾਨਾਂ ਨੂੰ ਨਿਰਾਸ਼ਾ ਹੀ ਮਿਲੀ ਹੈ | ਆਲੂ ਦਾ ਥੋਕ ਭਾਅ ਘੱਟ ਕੇ ਕੇਵਲ 3 ਤੋਂ 4 ਰੁਪਏ ਪ੍ਰਤੀ ਕਿੱਲੋਗਰਾਮ ਤੱਕ ਰਹਿ ਗਿਆ ਹੈ, ਜੋ ਉਤਪਾਦਨ ਲਾਗਤ ਤੋਂ ਵੀ ਘੱਟ ਹੈ | ਇਸ ਸਮੇਂ ਖੇਤੀ ਦੀ ਠੇਕੇਦਾਰੀ 80 ਤੋਂ 85 ਹਜ਼ਾਰ ਰੁਪਏ ਸਾਲਾਨਾ ਪ੍ਰਤੀ ਏਕੜ ਹੈ ਅਤੇ ਜੇਕਰ ਕੋਈ 6 ਮਹੀਨੇ ਲਈ ਲੈਂਦਾ ਹੈ ਤਾਂ 40 ਤੋਂ 45 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮਿਲਦੀ ਹੈ | ਜੇ ਇਸ ਵਿਚ ਬਿਜਾਈ ਤੋਂ ਲੈ ਕੇ ਪੁਟਾਈ ਤੱਕ ਦਾ ਖ਼ਰਚ ਸ਼ਾਮਿਲ ਕਰੀਏ ਤਾਂ ਕਿਸਾਨਾਂ ਨੂੰ ਪ੍ਰਤੀ ਏਕੜ 40 ਤੋਂ 50 ਹਜ਼ਾਰ ਰੁਪਏ ਤੱਕ ਲਾਗਤ ਪੈਂਦੀ ਹੈ | ਜੇ ਆਲੂ ਕੋਲਡ ਸਟੋਰ ਵਿਚ ਸਟੋਰ ਕੀਤਾ ਜਾਵੇ ਤਾਂ ਇਹ ਲਾਗਤ ਹੋਰ ਵੱਧ ਜਾਂਦੀ ਹੈ | ਮੌਜੂਦਾ ਸਮੇਂ ਬਾਜ਼ਾਰ ਵਿਚ ਕਿਸਾਨਾਂ ਨੂੰ ਆਲੂ ਦਾ ਭਾਅ ਬਹੁਤ ਘੱਟ ਮਿਲ ਰਿਹਾ ਹੈ, ਜਿਸ ਕਾਰਨ ਆਲੂ ਉਤਪਾਦਕ ਕਿਸਾਨ ਫ਼ਸਲ ਨੂੰ ਖੇਤਾਂ ਵਿਚ ਹੀ ਦੱਬਣ ਲਈ ਮਜਬੂਰ ਹੋ ਰਹੇ ਹਨ | ਕਿਸਾਨਾਂ ਵਿਚ ਭਾਰੀ ਨਿਰਾਸ਼ਾ ਦਾ ਮਾਹੌਲ ਹੈ |