02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਕਿਲੀ ਚਾਹਲਾਂ ਰੈਲੀ ਦੌਰਾਨ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਅਤੇ ਸ਼ਰਾਬ ਦੀਆਂ ਪੇਟੀਆਂ ਦੀਆਂ ਵਾਇਰਲ ਵੀਡੀਓਜ਼ 'ਤੇ ਕਾਂਗਰਸ ਆਗੂ ਨੇ ਕੱਸਿਆ ਤਨਜ਼

ਅਜੀਤ ਡੈਸਕ 20-02-2026
ਬਾਘਾ ਪੁਰਾਣਾ, 19 ਫਰਵਰੀ (ਟਿੰਕੂ ਕਾਠਪਾਲ)-ਜਗਸੀਰ ਸਿੰਘ ਗਿੱਲ ਕਾਲੇਕੇ ਮੁੱਖ ਸੇਵਾਦਾਰ ਕਾਂਗਰਸ ਪਾਰਟੀ ਹਲਕਾ ਬਾਘਾ ਪੁਰਾਣਾ ਨੇ 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕਿਲੀ ਚਾਹਲਾਂ (ਮੋਗਾ) ਵਿਖੇ ਹੋਈ ਆਮ ਆਦਮੀ ਪਾਰਟੀ ਦੀ ਰੈਲੀ 'ਤੇ ਤਿੱਖੇ ਸਵਾਲ ਖੜ੍ਹੇ ਕੀਤੇ | ਜਗਸੀਰ ਸਿੰਘ ਗਿੱਲ ਕਾਲੇਕੇ ਨੇ ਕਿਹਾ ਕਿ ਸਰਕਾਰ ਵਲੋਂ ਇਸ ਰੈਲੀ ਦੌਰਾਨ ਰੱਜ ਕੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ ਗਈ | ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰੀ ਬੱਸਾਂ, ਅਧਿਕਾਰੀਆਂ ਅਤੇ ਹੋਰ ਸਾਧਨਾਂ ਦੀ ਵਰਤੋਂ ਕਰਕੇ ਲੋਕਾਂ ਨੂੰ ਜ਼ਬਰਦਸਤੀ ਰੈਲੀ ਵਿਚ ਲਿਆਂਦਾ ਗਿਆ, ਜੋ ਲੋਕਤੰਤਰਿਕ ਮਰਿਆਦਾਵਾਂ ਦੇ ਉਲਟ ਹੈ | ਉਨ੍ਹਾਂ ਕਿਹਾ ਕਿ ਰੈਲੀ ਨੂੰ 'ਯੁੱਧ ਨਸ਼ਿਆਂ ਵਿਰੁੱਧ' ਦੇ ਨਾਂ ਹੇਠ ਕਰਵਾਇਆ ਗਿਆ, ਪਰ ਰੈਲੀ ਦੇ ਖ਼ਤਮ ਹੋਣ ਤੋਂ ਬਾਅਦ ਜੋ ਵੀਡੀਉਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਹਨ, ਉਹ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹਦੀਆਂ ਹਨ | ਕਾਲੇਕੇ ਅਨੁਸਾਰ ਇਨ੍ਹਾਂ ਵੀਡੀਉਜ਼ ਵਿਚ ਆਪ ਸਮਰਥਕਾਂ ਵਲੋਂ ਕਥਿਤ ਤੌਰ 'ਤੇ ਸ਼ਰਾਬ ਦੇ ਠੇਕਿਆਂ ਮੂਹਰੇ ਆਪਣੀਆਂ ਬੱਸਾਂ ਅਤੇ ਹੋਰ ਵਾਹਨ ਖੜ੍ਹੇ ਕਰਕੇ ਸ਼ਰਾਬ ਦੀਆਂ ਪੇਟੀਆਂ ਕੱਛ ਵਿਚ ਲਿਜਾਂਦਿਆਂ ਦਿਖਾਇਆ ਜਾ ਰਿਹਾ ਹੈ | ਉਨ੍ਹਾਂ ਤੰਜ ਕੱਛਦਿਆਂ ਕਿਹਾ ਕਿ ਜੇ ਇਹੀ ਹੈ 'ਨਸ਼ਿਆਂ ਵਿਰੁੱਧ ਯੁੱਧ' ਤਾਂ ਫਿਰ ਸਰਕਾਰ ਦੀ ਨੀਅਤ 'ਤੇ ਗੰਭੀਰ ਸਵਾਲ ਖੜ੍ਹੇ ਹੁੰਦੇ ਹਨ | ਉਨ੍ਹਾਂ ਦਾਅਵਾ ਕੀਤਾ ਕਿ ਇਹ ਸਾਰੀ ਰੈਲੀ ਸਿਰਫ਼ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਲਈ ਸੀ, ਜਦ ਕਿ ਅਸਲ ਵਿਚ ਨਸ਼ਿਆਂ ਦੇ ਮਸਲੇ 'ਤੇ ਸਰਕਾਰ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਈ ਹੈ | ਜਗਸੀਰ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਦੇ ਨੌਜਵਾਨ ਅੱਜ ਵੀ ਨਸ਼ਿਆਂ ਦੀ ਮਾਰ ਹੇਠ ਹਨ ਅਤੇ ਨਸ਼ਾ ਤਸਕਰੀ ਦੇ ਵੱਡੇ ਜਾਲ ਨੂੰ ਤੋੜਨ ਵਿਚ ਸਰਕਾਰ ਅਸਫਲ ਰਹੀ ਹੈ | ਅੰਤ ਵਿਚ ਉਨ੍ਹਾਂ ਕਿਹਾ ਕਿ ਕਾਂਗਰਸ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣ ਕੇ ਨਸ਼ਿਆਂ ਖ਼ਿਲਾਫ਼ ਅਸਲ ਲੜਾਈ ਲੜਦੀ ਰਹੇਗੀ ਅਤੇ ਲੋਕਾਂ ਨੂੰ ਮੌਜੂਦਾ ਸਰਕਾਰ ਦੀਆਂ ਨਾਕਾਮੀਆਂ ਤੋਂ ਵਾਕਫ਼ ਕਰਵਾਉਂਦੀ ਰਹੇਗੀ |
ਪਿਛਲੀ ਖ਼ਬਰ ਐੱਮ.ਐੱਲ.ਐੱਮ. ਗਰੁੱਪ ਦੇ ਬਾਨੀ ਸੇਠ ਮਦਨ ਲਾਲ ਬਾਂਸਲ ਨੂੰ ਕੀਤਾ ਯਾਦ <br/> ਅਗਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਮੋਗਾ ਵਲੋਂ ਪੁਲਿਸ ਪ੍ਰਸ਼ਾਸਨ ਵਲੋਂ ਕਿਸਾਨਾਂ ਉੱਪਰ ਕੀਤੇ ਲਾਠੀਚਾਰਜ ਤੇ ਅੱਥਰੂ ਗੈਸ ਦੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।