ਅਜੀਤਵਾਲ, 19 ਫਰਵਰੀ (ਹਰਦੇਵ ਸਿੰਘ ਮਾਨ)-ਪਿਛਲੇ ਲੰਮੇ ਸਮੇਂ ਤੋਂ ਉੱਚ ਵਿੱਦਿਆ ਦੇ ਖੇਤਰ ਵਿਚ ਸੇਵਾਵਾਂ ਦੇ ਰਹੀ ਸੰਸਥਾ ਐੱਮ.ਐੱਲ.ਐੱਮ. ਗਰੁੱਪ ਆਫ਼ ਕਾਲਜ ਕਿਲੀ ਚਾਹਲ (ਮੋਗਾ) ਦੇ ਬਾਨੀ ਸੇਠ ਮਦਨ ਲਾਲ ਬਾਂਸਲ ਦੀ ਸਾਲਾਨਾ ਬਰਸੀ 'ਤੇ ਉਨ੍ਹਾਂ ਨੂੰ ਯਾਦ ਕਰਦਿਆਂ ਧਾਰਮਿਕ ਸਮਾਗਮ ਕਰਵਾਏ ਗਏ, ਜਿਸ ਦੌਰਾਨ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਉਨ੍ਹਾਂ ਨੂੰ ਸਰਧਾ ਭੇਟ ਕਰਦਿਆਂ ਐੱਮ.ਐੱਲ.ਐੱਮ. ਗਰੁੱਪ ਆਫ਼ ਕਾਲਜ ਦੇ ਚੇਅਰਮੈਨ ਡਾ. ਸੁਰੇਸ਼ ਕੁਮਾਰ ਬਾਂਸਲ ਨੇ ਆਪਣੇ ਪਿਤਾ ਸੇਠ ਮਦਨ ਲਾਲ ਬਾਂਸਲ ਬਾਰੇ ਦੱਸਦਿਆਂ ਕਿਹਾ ਕਿ ਉਨ੍ਹਾਂ ਨੇ ਸਦਾ ਹੀ ਮਿਹਨਤ, ਹਿੰਮਤ ਅਤੇ ਇਮਾਨਦਾਰੀ ਦੇ ਰਾਹ ਚੱਲਦਿਆਂ ਸਚਾਈ ਨਾਲ ਆਪਣੇ ਕਰਮ ਨੂੰ ਹੀ ਪੂਜਾ ਸਮਝਿਆ, ਉਨ੍ਹਾਂ ਦੇ ਦੱਸੇ ਹੋਏ ਰਸਤਿਆਂ ਉੱਪਰ ਚੱਲਦਿਆਂ ਪ੍ਰਮਾਤਮਾ ਦਾ ਆਸਰਾ ਲੈ ਕੇ ਇਨ੍ਹਾਂ ਉਚੇਰੀ ਵਿੱਦਿਅਕ ਸੰਸਥਾਵਾਂ ਦੀ ਅਹਿਮ ਜ਼ਿੰਮੇਵਾਰੀ ਨੂੰ ਸੇਵਾ ਭਾਵਨਾ ਨਾਲ ਚਲਾਉਣ ਦੇ ਕਾਬਿਲ ਹੋਏ ਹਾਂ | ਇਸ ਮੌਕੇ ਡਾ. ਅਨੂ ਬਾਂਸਲ ਅਤੇ ਡਾ. ਅਨਮੋਲ ਬਾਂਸਲ ਨੇ ਸ਼ਰਧਾ ਦੇ ਫ਼ੁੱਲ ਭੇਟ ਕਰਦਿਆਂ ਸੰਸਥਾਵਾਂ ਦੇ ਸਾਰੇ ਸਟਾਫ਼ ਨੂੰ ਮਿਹਨਤ, ਲਗਨ ਅਤੇ ਸੇਵਾ ਭਾਵਨਾ ਨਾਲ ਵਿੱਦਿਆ ਵੰਡਣ ਦੀ ਮਿਲੀ ਅਹਿਮ ਜ਼ਿੰਮੇਵਾਰੀ ਨਿਭਾਉਣ ਦੀ ਅਪੀਲ ਕੀਤੀ | ਇਸ ਦੌਰਾਨ ਸਮੂਹ ਮੈਨੇਜਮੈਂਟ ਅਤੇ ਸਟਾਫ਼ ਨੇ ਸੰਸਥਾ ਅਤੇ ਰਾਹਗੀਰਾਂ ਲਈ ਲੰਗਰ ਸੇਵਾ ਕੀਤੀ | ਇਸ ਮੌਕੇ ਐੱਮ.ਐੱਲ.ਐੱਮ. ਪੋਲੀਟੈਕਨਿਕ ਕਾਲਜ, ਐੱਮ.ਐੱਲ.ਐੱਮ. ਕਾਲਜ ਆਫ਼ ਨਰਸਿੰਗ, ਐੱਮ.ਐੱਲ.ਐੱਮ. ਟੈਕਨੀਕਲ ਅਤੇ ਫਾਰਮੇਸੀ ਕਾਲਜ ਅਤੇ ਆਈ.ਟੀ.ਆਈ. ਦੇ ਸਾਰੇ ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਬੁਰੇ ਕੰਮਾਂ ਤੋਂ ਦੂਰ ਰਹਿ ਕੇ ਚੰਗੇ ਕੰਮ ਕਰਣ ਲਈ ਪ੍ਰੇਰਿਤ ਵੀ ਕੀਤਾ ਗਿਆ |