ਮੋਗਾ, 28 ਫਰਵਰੀ (ਸੁਰਿੰਦਰਪਾਲ ਸਿੰਘ)-ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਮੋਗਾ ਆਸ਼ੀਸ਼ ਕੁਮਾਰ ਸ਼ਰਮਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਮੋਗਾ ਗੁਰਦਿਆਲ ਸਿੰਘ ਮਠਾੜੂ ਅਤੇ ਵਾਤਾਵਰਨ ਸਿੱਖਿਆ ਪ੍ਰੋਗਰਾਮ ਜ਼ਿਲ੍ਹਾ ਕੋਆਰਡੀਨੇਟਰ ਮੋਗਾ ਡਾ. ਦੀਪਕ ਸ਼ਰਮਾ ਦੀ ਯੋਗ ਅਗਵਾਈ ਹੇਠ ਡਾਈਟ ਮੋਗਾ ਵਿਖੇ ਜ਼ਿਲ੍ਹਾ ਪੱਧਰੀ ਵਾਤਾਵਰਨ ਸਿੱਖਿਆ ਪ੍ਰੋਗਰਾਮ ਅਧੀਨ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ ਮੋਗਾ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਲਗਪਗ 200 ਵਿਦਿਆਰਥੀਆਂ ਅਤੇ ਈਕੋ ਕਲੱਬ ਇੰਚਾਰਜ ਸਾਹਿਬਾਨ ਨੇ ਭਾਗ ਲਿਆ | ਇਸ ਮੌਕੇ ਮੁੱਖ ਮਹਿਮਾਨ ਆਸ਼ੀਸ਼ ਕੁਮਾਰ ਸ਼ਰਮਾ ਨੂੰ ਡਾਈਟ ਪਿ੍ੰਸੀਪਲ ਡਾ. ਮਨਜੀਤ ਕੌਰ, ਡਾਈਟ ਇੰਚਾਰਜ ਕੰਵਲਜੀਤ ਕੌਰ, ਡੀ.ਐਮ. ਨਵਦੀਪ ਸਿੰਘ ਬਾਜਵਾ, ਅਮਨਦੀਪ ਅਤੇ ਸਮੂਹ ਸਟਾਫ਼ ਵਲੋਂ ਜੀ ਆਇਆਂ ਆਖਿਆ ਗਿਆ | ਡਾ. ਦੀਪਕ ਸ਼ਰਮਾ ਅਤੇ ਜ਼ਿਲ੍ਹਾ ਵਾਤਾਵਰਨ ਸਿੱਖਿਆ ਪ੍ਰੋਗਰਾਮ ਦੀ ਪ੍ਰਬੰਧਕੀ ਟੀਮ ਵਲੋਂ ਆਸ਼ੀਸ਼ ਕੁਮਾਰ ਸ਼ਰਮਾ ਅਤੇ ਮਨਜੀਤ ਕੌਰ ਨੂੰ ਪ੍ਰੋਗਰਾਮ ਵਿਚ ਪੁੱਜਣ 'ਤੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਵਾਤਾਵਰਨ ਸਿੱਖਿਆ ਪ੍ਰੋਗਰਾਮ ਅਧੀਨ ਵਿਦਿਆਰਥੀਆਂ ਦੇ ਜ਼ਿਲ੍ਹਾ ਪੱਧਰੀ ਪੇਂਟਿੰਗ ਮੁਕਾਬਲੇ ਕਰਵਾਏ ਗਏ ਅਤੇ ਪ੍ਰਦਰਸ਼ਨੀ ਵੀ ਲਗਾਈ ਗਈ | ਇਨ੍ਹਾਂ ਮੁਕਾਬਲਿਆਂ ਲਈ ਜੱਜਮੈਂਟ ਦੀ ਭੂਮਿਕਾ ਬਲਾਕ ਕੋਆਰਡੀਨੇਟਰ ਰੁਪਿੰਦਰਜੀਤ ਕੌਰ, ਸਿਲਵੀ, ਪਲਵਿੰਦਰ ਸਿੰਘ, ਜਤਿੰਦਰ, ਰਾਹੁਲ ਗੋਇਲ ਅਤੇ ਸੁਖਪਾਲਜੀਤ ਸਿੰਘ ਵਲੋਂ ਬਾਖ਼ੂਬੀ ਨਿਭਾਈ ਗਈ | ਇਸ ਮੌਕੇ ਜ਼ਿਲ੍ਹਾ ਕੋਆਰਡੀਨੇਟਰ ਡਾ. ਦੀਪਕ ਸ਼ਰਮਾ ਦੀ ਅਗਵਾਈ ਵਿਚ ਜ਼ਿਲ੍ਹਾ ਪੱਧਰੀ ਈ.ਈ.ਪੀ. ਟੀਮ ਵਲੋਂ ਮੋਗਾ ਜ਼ਿਲ੍ਹੇ ਦੇ ਪੰਜ ਸਰਵੋਤਮ ਈਕੋ ਕਲੱਬਾਂ ਦੀ ਵੀ ਚੋਣ ਕੀਤੀ ਗਈ, ਜਿਸ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੜਿੱਕ, ਸਰਕਾਰੀ ਹਾਈ ਸਕੂਲ ਸੱਦਾ ਸਿੰਘ ਵਾਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਕਰੀ ਕਲਾਂ, ਸਰਕਾਰੀ ਹਾਈ ਸਕੂਲ ਕਿਹਲੀ ਚਾਲਾਂ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਘਾਂਵਾਲਾ ਦੇ ਈਕੋ ਕਲੱਬ ਇੰਚਾਰਜਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਮੋਗਾ ਆਸ਼ੀਸ਼ ਕੁਮਾਰ ਸ਼ਰਮਾ ਵਲੋਂ ਸਕੂਲਾਂ ਨੂੰ ਪਲਾਸਟਿਕ ਮੁਕਤ ਕਰਨ ਅਤੇ ਵਾਤਾਵਰਨ ਦੀ ਸਾਂਭ-ਸੰਭਾਲ ਕਰਨ ਲਈ ਵਿਦਿਆਰਥੀਆਂ ਅਤੇ ਈਕੋ ਕਲੱਬ ਇੰਚਾਰਜਾਂ ਨੂੰ ਪ੍ਰੇਰਿਤ ਕੀਤਾ ਗਿਆ | ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਦਿਆਲ ਸਿੰਘ ਮਠਾੜੂ ਵਲੋਂ ਸਕੂਲਾਂ ਵਿਚ ਜ਼ੀਰੋ ਵੇਸਟ ਡੇ ਮਨਾਏ ਜਾਣ ਲਈ ਪ੍ਰੇਰਿਤ ਕੀਤਾ ਗਿਆ | ਇਸ ਮੌਕੇ ਉਨ੍ਹਾਂ ਵਲੋਂ ਨੈਸ਼ਨਲ ਪੱਧਰ 'ਤੇ ਚੁਣੇ ਗਏ ਮੋਗਾ ਜ਼ਿਲ੍ਹੇ ਦੇ ਜ਼ਿਲ੍ਹਾ ਕੋਆਰਡੀਨੇਟਰ ਅਤੇ ਨੌਂ ਸਕੂਲਾਂ ਦੇ ਈਕੋ ਕਲੱਬ ਇੰਚਾਰਜ ਸਾਹਿਬਾਨਾਂ ਨੂੰ ਨੈਸ਼ਨਲ ਪੱਧਰ 'ਤੇ ਮਿਲੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਡਾ. ਦੀਪਕ ਸ਼ਰਮਾ ਅਤੇ ਸਮੁੱਚੀ ਪ੍ਰਬੰਧਕੀ/ਜੱਜਮੈਂਟ ਟੀਮ ਨੂੰ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਵੱਖ-ਵੱਖ ਮੁਕਾਬਲਿਆਂ ਵਿਚ ਜੇਤੂ ਵਿਦਿਆਰਥੀਆਂ ਅਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਅਤੇ ਗਾਈਡ ਅਧਿਆਪਕਾਂ ਨੂੰ ਸਰਟੀਫਿਕੇਟਾਂ ਤੇ ਟਰਾਫ਼ੀਆਂ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਆਸ਼ੀਸ਼ ਕੁਮਾਰ ਸ਼ਰਮਾ ਦੀ ਯੋਗ ਅਗਵਾਈ ਹੇਠ ਵਾਤਾਵਰਨ ਦੀ ਸਾਂਭ-ਸੰਭਾਲ ਸਬੰਧੀ ਰੈਲੀ ਵੀ ਕੱਢੀ ਗਈ |