ਬੱਧਨੀ ਕਲਾਂ, 28 ਫਰਵਰੀ (ਸੰਜੀਵ ਕੋਛੜ)-ਬਾਬੇ ਕੇ ਕਾਲਜ ਆਫ ਐਜੂਕੇਸ਼ਨ ਦੌਧਰ ਵਿਖੇ ਭਾਸ਼ਾ ਦਿਵਸ ਨੂੰ ਸਮਰਪਿਤ ਇਕ ਰੋਜ਼ਾ ਗੋਸ਼ਟੀ ਕਰਵਾਈ ਗਈ | ਪ੍ਰੋਗਰਾਮ ਦੀ ਸ਼ੁਰੂਆਤ ਸਹਾਇਕ ਪ੍ਰੋਫੈਸਰ ਅਤੇ ਇੰਚਾਰਜ ਇੰਤਜ਼ਾਰ ਹੁਸੈਨ ਵਲੋਂ ਮੁੱਖ ਬੁਲਾਰੇ ਮੈਡਮ ਗੁਲਸ਼ਨ ਪਾਲ ਕੌਰ ਦੀ ਬੱਚਿਆਂ ਨਾਲ ਜਾਣ ਪਹਿਚਾਣ ਕਰਵਾਈ ਗਈ | ਇਸ ਗੋਸ਼ਟੀ ਵਿਚ ਗੁਲਸ਼ਨਪਾਲ ਕੌਰ ਨੇ ਮੁੱਖ ਵਕਤਾ ਵਜੋਂ ਬੱਚਿਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ | ਇਕ ਕਵਿੱਤਰੀ ਅਤੇ ਅਧਿਆਪਕਾ ਹੋਣ ਵਜੋਂ ਮੈਡਮ ਗੁਲਸ਼ਨਪਾਲ ਕੌਰ ਨੇ ਬੱਚਿਆਂ ਨੂੰ ਭਾਸ਼ਾ ਦੀ ਸੂਖਮ ਬਣਤਰ ਅਤੇ ਇਸ ਦੇ ਪਸਾਰੇ ਨਾਲ ਜੁੜੀਆਂ ਗੱਲਾਂ ਤੋਂ ਜਾਣੂੰ ਕਰਵਾਇਆ | ਕੁਝ ਦਿਲਚਸਪ ਕਾਵਿ ਕਿੱਸਿਆਂ ਦੇ ਨਾਲ ਬੱਚਿਆਂ ਦੀ ਭਾਸ਼ਾ ਪ੍ਰਤੀ ਸੋਚ ਨੂੰ ਸ਼ਿੰਗਾਰਿਆ ਅਤੇ ਮਾਤ ਭਾਸ਼ਾ ਨੂੰ ਹਰ ਜਗ੍ਹਾ ਪਹਿਲ ਦੇਣ ਤੇ ਜ਼ੋਰ ਦਿੰਦਿਆਂ ਵਿਦਿਆਰਥੀ ਅਧਿਆਪਕਾਂ ਨੂੰ ਮਾਤਾ ਭਾਸ਼ਾ ਨਾਲ ਜੁੜੇ ਰਹਿਣ ਅਤੇ ਜੋੜਨ ਲਈ ਪ੍ਰੇਰਨਾ ਦਿੱਤੀ | ਪ੍ਰੋਗਰਾਮ ਦੇ ਅੰਤ ਵਿਚ ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ਜਸਕਿਰਨ ਕੌਰ ਦਿਆਲ ਵਲੋਂ ਕਾਲਜ ਮੈਨੇਜਮੈਂਟ, ਸਟਾਫ ਅਤੇ ਬੱਚਿਆਂ ਵਲੋਂ ਉਤਸ਼ਾਹ ਨਾਲ ਸੁਣੇ ਜਾਣ ਨੂੰ ਖੂਬ ਸਰਾਹਿਆ | ਕਾਲਜ ਚੇਅਰਮੈਨ ਸਮੇਤ ਮੈਨੇਜਮੈਂਟ ਦਾ ਇਹੋ ਜਿਹੇ ਉਪਰਾਲਿਆਂ ਨੂੰ ਜਾਰੀ ਰੱਖਣ ਦਾ ਇਹ ਸ਼ਲਾਘਾਯੋਗ ਕਦਮ ਬੱਚਿਆਂ ਵਲੋਂ ਕਾਫੀ ਪਸੰਦ ਕੀਤਾ ਗਿਆ |