ਠੱਠੀ ਭਾਈ, 1 ਮਾਰਚ (ਜਗਰੂਪ ਸਿੰਘ ਮਠਾੜੂ)-ਕਾਂਗਰਸ ਪਾਰਟੀ ਵਲੋਂ ਬਰਨਾਲਾ ਵਿਖੇ ਕੀਤੀ ਗਈ ਵਿਸ਼ਾਲ ਰੈਲੀ ਨੇ ਅਕਾਲੀ ਦਲ ਅਤੇ ਸੱਤਾਧਾਰੀ ਪਾਰਟੀ ਵਲੋਂ ਫੈਲਾਏ ਜਾ ਰਹੇ ਭਰਮ ਭੁਲੇਖਿਆਂ ਨੂੰ ਪੂਰੀ ਤਰ੍ਹਾਂ ਦੂਰ ਕਰ ਦਿੱਤਾ | ਰੈਲੀ ਦੌਰਾਨ ਇਕੱਠੇ ਹੋਏ ਵੱਡੇ ਜਨ ਸਮੂਹ ਅਤੇ ਲੋਕਾਂ ਦੇ ਉਤਸ਼ਾਹ ਨੇ ਸਾਬਤ ਕਰ ਦਿੱਤਾ ਕਿ ਪੰਜਾਬ ਦੀ ਜਨਤਾ ਕਾਂਗਰਸ ਦੀਆਂ ਨੀਤੀਆਂ 'ਤੇ ਭਰੋਸਾ ਕਰਦੀ ਹੈ ਤੇ ਆਉਣ ਵਾਲੇ ਸਮੇਂ ਵਿਚ ਪਾਰਟੀ ਨੂੰ ਮਜ਼ਬੂਤ ਦੇਖਣਾ ਚਾਹੁੰਦੀ ਹੈ | ਹਲਕਾ ਬਾਘਾ ਪੁਰਾਣਾ ਦੇ ਮੁੱਖ ਸੇਵਾਦਾਰ ਜਗਸੀਰ ਸਿੰਘ ਕਾਲੇਕੇ ਦੀ ਅਗਵਾਈ ਹੇਠ ਪਿੰਡ ਸੁਖਾਨੰਦ ਤੋਂ ਕਾਂਗਰਸ ਪ੍ਰਧਾਨ ਹਰਜਿੰਦਰ ਸਿੰਘ ਜਿੰਦਾ ਸੰਧੂ ਵਲੋਂ ਵੱਡਾ ਕਾਫ਼ਲਾ ਬਰਨਾਲਾ ਰੈਲੀ ਲਈ ਰਵਾਨਾ ਕੀਤਾ ਗਿਆ | ਇਸ ਮੌਕੇ ਗੱਡੀਆਂ ਦੀ ਲੰਮੀ ਕਤਾਰ ਅਤੇ ਵਰਕਰਾਂ ਵਿਚ ਦਿੱਖ ਰਹੇ ਜੋਸ਼ ਨੇ ਵਿਰੋਧੀਆਂ ਨੂੰ ਸਪੱਸ਼ਟ ਸੰਦੇਸ਼ ਦਿੱਤਾ ਕਿ ਹਲਕੇ ਅੰਦਰ ਕਾਂਗਰਸ ਪਾਰਟੀ ਦਿਨੋਂ-ਦਿਨ ਮਜ਼ਬੂਤ ਹੋ ਰਹੀ ਹੈ | ਪ੍ਰਧਾਨ ਹਰਜਿੰਦਰ ਸਿੰਘ ਜਿੰਦਾ ਸੰਧੂ ਸੁਖਾਨੰਦ ਨੇ ਕਿਹਾ ਕਿ ਰੈਲੀ ਵਿਚ ਲੋਕਾਂ ਦੀ ਭਾਰੀ ਸ਼ਮੂਲੀਅਤ ਅਤੇ ਉਤਸ਼ਾਹ ਨੇ ਸਾਬਤ ਕਰ ਦਿੱਤਾ ਕਿ ਲੋਕ ਸੱਤਾਧਾਰੀ ਪਾਰਟੀ ਦੇ ਝੂਠੇ ਦਾਅਵਿਆਂ ਤੋਂ ਤੰਗ ਆ ਚੁੱਕੇ ਹਨ ਤੇ ਵਿਕਾਸ ਅਤੇ ਲੋਕ ਹਿਤਾਂ ਲਈ ਕਾਂਗਰਸ ਨੂੰ ਇਕ ਮਜ਼ਬੂਤ ਵਿਕਲਪ ਵਜੋਂ ਦੇਖ ਰਹੇ ਹਨ | ਇਸ ਮੌਕੇ ਕਈ ਸੀਨੀਅਰ ਆਗੂ ਅਤੇ ਵਰਕਰ ਵੀ ਮੌਜੂਦ ਸਨ |