ਮੋਗਾ, 1 ਮਾਰਚ (ਸੁਰਿੰਦਰਪਾਲ ਸਿੰਘ)-ਸੀਨੀਅਰ ਸਿਟੀਜ਼ਨ ਕੌਂਸਲ (ਸੇਵਾ-ਮੁਕਤ ਕਰਮਚਾਰੀ) ਮੋਗਾ 96 ਦੀ ਮਹੀਨਾਵਾਰ ਜਨਰਲ ਮੀਟਿੰਗ ਪੰਜਾਬ ਦੇ ਸੀਨੀਅਰ ਉਪ ਪ੍ਰਧਾਨ, ਫਾਊਾਡਰ ਮੈਂਬਰ ਤੇ ਕੌਂਸਲ ਪ੍ਰਧਾਨ ਸਰਦਾਰੀ ਲਾਲ ਕਾਮਰਾ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਕੰਪਲੈਕਸ ਦੇ ਕੌਂਸਲ ਦਫ਼ਤਰ ਰੈੱਡ ਕਰਾਸ ਡੇਅ ਕੇਅਰ ਸੈਂਟਰ ਵਿਖੇ ਹੋਈ | ਸਮੂਹ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਕਾਮਰਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਾਰੇ ਹੀ ਜ਼ਿਲਿ੍ਹਆਂ 'ਚ ਮਨਾਏ ਗਏ ਪ੍ਰੋਗਰਾਮ ਸਾਡੇ ਬਜ਼ੁਰਗ ਸਾਡਾ ਮਾਣ ਬਹੁਤ ਹੀ ਸਫਲਤਾ ਪੂਰਵਕ ਚੱਲ ਰਹੇ ਹਨ ਜਿਸ ਵਿਚ ਬਜ਼ੁਰਗਾਂ ਨੇ ਵੱਧ ਚੜ੍ਹ ਕੇ ਹਿੱਸਾ ਲੈ ਕੇ ਸਰਕਾਰੀ ਸਹੂਲਤਾਂ ਦਾ ਪੂਰਾ ਲਾਭ ਉਠਾਇਆ ਤੇ ਬਜ਼ੁਰਗਾਂ ਵਲੋਂ ਸਮਾਜਿਕ ਸੁਰੱਖਿਆ, ਬਾਲ ਤੇ ਇਸਤਰੀ ਵਿਭਾਗ ਪੰਜਾਬ ਦੀ ਪ੍ਰਸ਼ੰਸਾ ਕੀਤੀ | ਕਾਮਰਾ ਨੇ ਕਿਹਾ ਕਿ ਕੌਂਸਲ ਤੇ ਬਜ਼ੁਰਗ ਪੈਨਸ਼ਨਰਾਂ ਦੀ ਮੰਗ ਹੈ ਕਿ ਕਿੰਨਾ ਚੰਗਾ ਹੋਵੇਗਾ, ਜੇਕਰ ਵਿਭਾਗ ਦੇ ਨਾਂਅ ਨਾਲ ਹੁਣ ਬਜ਼ੁਰਗ ਸ਼ਬਦ ਵੀ ਜੋੜ ਦਿੱਤਾ ਜਾਵੇ ਜਿਵੇਂ ਕਿ ਸਮਾਜਿਕ ਸੁਰੱਖਿਆ ਅਤੇ ਇਸਤਰੀ, ਬਾਲ ਤੇ ਬਜ਼ੁਰਗ ਵਿਕਾਸ ਵਿਭਾਗ ਪੰਜਾਬ ਕਰ ਦਿੱਤਾ ਜਾਵੇ | ਸਮੂਹ ਮੈਂਬਰਾਂ ਵਲੋਂ ਉਨ੍ਹਾਂ ਦੀ ਸਿਹਤਯਾਬ ਤੇ ਤੰਦਰੁਸਤੀ ਦੀ ਕਾਮਨਾ ਕੀਤੀ ਗਈ | ਮੀਟਿੰਗ ਵਿਚ ਅਵਤਾਰ ਸਿੰਘ ਨੇ ਸਟੇਜ ਦੀ ਭੂਮਿਕਾ ਨਿਭਾਈ | ਮੀਟਿੰਗ ਵਿਚ ਗੁਰਚਰਨ ਸਿੰਘ ਸੁਪਰਡੈਂਟ, ਵਿਜੈ ਸ਼ਰਮਾ ਸਕੱਤਰ, ਜੋਗਿੰਦਰ ਸਿੰਘ ਲੋਹਾਮ, ਮਾਸਟਰ ਪ੍ਰੇਮ ਕੁਮਾਰ, ਹਰਭਜਨ ਸਿੰਘ ਨਾਗਰਾ, ਹੀਰਾ ਲਾਲ ਬਾਂਸਲ, ਸੁਰਿੰਦਰ ਕੁਮਾਰ ਬਾਂਸਲ, ਜਗਦੀਪ ਸਿੰਘ ਕੈਂਥ, ਅਮਰ ਸਿੰਘ ਵਿਰਦੀ, ਗਿਆਨ ਸਿੰਘ ਸਾਬਕਾ ਡੀ.ਪੀ.ਆਰ.ਓ., ਸਵਤੰਤਰ ਕੁਮਾਰ ਗੁਪਤਾ ਬੈਂਕ ਅਧਿਕਾਰੀ, ਦਰਬਾਰ ਸਿੰਘ ਗਿੱਲ, ਗੁਰਦੀਪ ਸਿੰਘ ਬਰਾੜ, ਰਣਜੀਤ ਸਿੰਘ ਗਿੱਲ, ਸਵਿੰਦਰ ਸਿੰਘ, ਲਾਲ ਚੰਦ ਅਰੋੜਾ, ਗੁਰਦਰਸ਼ਨ ਸਿੰਘ ਸੋਢੀ, ਮੈਡਮ ਹਰਬੰਸ ਕੌਰ, ਦਲਜੀਤ ਸਿੰਘ, ਜਗਦੀਪ ਸਿੰਘ ਢਿੱਲੋਂ ਆਦਿ ਸ਼ਾਮਿਲ ਹੋਏ |