ਮੋਗਾ, 1 ਮਾਰਚ (ਸੁਰਿੰਦਰਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਮੋਗਾ ਦੇ ਅਹੁਦੇਦਾਰਾਂ ਤੇ ਵਰਕਰਾਂ ਦੀ ਮਹੀਨਾਵਾਰ ਮੀਟਿੰਗ ਸਥਾਨਕ ਗੁਰਦੁਆਰਾ ਬੀਬੀ ਕਾਹਨ ਕੌਰ ਵਿਖੇ ਹੋਈ | ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜਥੇਦਾਰ ਬੂਟਾ ਸਿੰਘ ਰਣਸੀਂਹ ਕਾਰਜਕਾਰੀ ਪ੍ਰਧਾਨ ਯੂਨਾਈਟਿਡ ਅਕਾਲੀ ਦਲ ਨੇ ਕਿਹਾ ਕਿ ਪਿਛਲੇ ਦਿਨੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਭਾਈ ਰਘਵੀਰ ਸਿੰਘ ਨੂੰ ਬਾਦਲ ਪਰਿਵਾਰ ਨੇ ਜਿਸ ਢੰਗ ਨਾਲ ਸੇਵਾਵਾਂ ਤੋਂ ਮੁਕਤ ਕੀਤਾ ਹੈ ਇਹ ਕੋਈ ਪਹਿਲੀ ਗੱਲ ਨਹੀਂ, ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਭਤੀਜੇ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਰੋਡੇ ਸਿੰਘ, ਸਾਹਿਬ ਭਾਈ ਗਿਆਨੀ ਪੂਰਨ ਸਿੰਘ, ਸਿੰਘ ਸਾਹਿਬ ਪ੍ਰੋਫੈਸਰ ਦਰਸ਼ਨ ਸਿੰਘ, ਸਿੰਘ ਸਾਹਿਬ ਭਾਈ ਰਣਜੀਤ ਸਿੰਘ ਖ਼ਾਲਸਾ, ਸਿੰਘ ਸਾਹਿਬ ਪ੍ਰੋਫੈਸਰ ਮਨਜੀਤ ਸਿੰਘ, ਸਿੰਘ ਸਾਹਿਬ ਭਾਈ ਸੁਲਤਾਨ ਸਿੰਘ, ਸਿੰਘ ਸਾਹਿਬ ਭਾਈ ਹਰਪ੍ਰੀਤ ਸਿੰਘ ਇਹ ਸਾਰੇ ਸਿੰਘ ਸਾਹਿਬਾਨ ਇਸ ਲਈ ਅਹੁਦਿਆਂ ਤੋਂ ਮੁਕਤ ਕੀਤੇ ਹਨ ਕਿ ਬਾਦਲ ਪਰਿਵਾਰ ਦੀ ਬੋਲੀ ਨਹੀਂ ਬੋਲਦੇ | ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਯੂਨਾਈਟਿਡ ਅਕਾਲੀ ਦਲ ਬਾਦਲ ਦੇ ਵਿਰੋਧ ਵਿਚ ਬਣੇ ਸਾਰੇ ਅਕਾਲੀ ਦਲਾਂ ਨੂੰ ਬੇਨਤੀ ਕਰਦੀ ਹੈ ਕਿ ਬਾਦਲ ਪਰਿਵਾਰ ਦੀ ਪੰਥ ਲਈ ਕੋਈ ਕੁਰਬਾਨੀ ਨਹੀਂ ਪਰ ਦੂਸਰੇ ਅਕਾਲੀ ਦਲ ਦੇ ਲੀਡਰ ਆਪੋ ਆਪਣੀ ਹਉਮੈ ਤੇ ਹੰਕਾਰ ਵਿਚ ਇਕੱਠੇ ਨਹੀਂ ਹੋ ਰਹੇ ਜਿਸ ਕਾਰਨ ਪੰਜਾਬ ਨੂੰ ਲੁੱਟਣ ਵਾਲੇ ਪੰਥ ਦਾ ਨੁਕਸਾਨ ਕਰਨ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਉਣ ਵਾਲੇ ਸਿੰਘ ਸਾਹਿਬਾਨਾਂ ਨੂੰ ਤਾਸ਼ ਦੇ ਪੱਤੇ ਵਾਂਗ ਬਾਹਰ ਕੱਢ ਰਹੇ ਹਨ | ਮੀਟਿੰਗ 'ਚ ਮਤਾ ਪਾਸ ਕੀਤਾ ਗਿਆ ਕਿ ਕੇਂਦਰ ਸਰਕਾਰ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕਰੇ | ਮੀਟਿੰਗ ਵਿਚ ਜ਼ਿਲ੍ਹਾ ਪ੍ਰਧਾਨ ਜਥੇਦਾਰ ਕਰੋੜ ਸਿੰਘ ਤਲਵੰਡੀ ਭੰਗੇਰੀਆ, ਭਾਈ ਬਲਜੀਤ ਸਿੰਘ ਅਕਾਲੀਆਂ ਵਾਲਾ, ਭਾਈ ਗੁਰਲਾਭ ਸਿੰਘ ਧਰਮਕੋਟ, ਸਰਪੰਚ ਜੀਤ ਸਿੰਘ ਕੋਰੇਵਾਲਾ, ਭਾਈ ਹਰਪ੍ਰੀਤ ਸਿੰਘ ਧੱਲੇਕੇ, ਭਾਈ ਸਤਨਾਮ ਸਿੰਘ ਕੋਟ ਈਸੇ ਖਾਂ, ਜਥੇਦਾਰ ਸੁਖਦੇਵ ਸਿੰਘ ਖਿਆਲੀ, ਭਾਈ ਗੁਰਪ੍ਰੀਤ ਸਿੰਘ ਧੱਲੇਕੇ, ਭਾਈ ਬੋਹੜ ਸਿੰਘ ਖਿਆਲੀ, ਭਾਈ ਅੰਗਰੇਜ਼ ਸਿੰਘ ਕੋਰੇਵਾਲਾ, ਭਾਈ ਕੁਲਵੰਤ ਸਿੰਘ ਕੋਰੇਵਾਲਾ, ਜਥੇਦਾਰ ਕਰਤਾਰ ਸਿੰਘ ਧਰਮਕੋਟ ਹਾਜ਼ਰ ਸਨ |