ਪਹਿਲਾਂ ਹੜ੍ਹਾਂ ਨੇ, ਹੁਣ ਜੰਗੀ ਹਲਾਤਾਂ ਨੇ ਕੰਮਕਾਰ ਕੀਤਾ ਔਖਾ-ਮਿੰਟੂ ਮਾਨ
ਕਿਸ਼ਨਪੁਰਾ ਕਲਾਂ, 1 ਮਾਰਚ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਹਵਾਈ ਉਡਾਨਾਂ ਬੰਦ ਹੋਣ ਕਾਰਨ ਟੈਕਸੀ ਡਰਾਈਵਰ ਭਾਈਚਾਰਾ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ | ਕਸਬਾ ਕਿਸ਼ਨਪੁਰਾ ਕਲਾਂ ਦੇ ਨਾਮੀ ਟਰੈਵਲ ਕਾਰੋਬਾਰੀ ਤੇ ਇੰਦਰ ਟਰੈਵਲ ਟੂਰ ਐਂਡ ਰੈਂਟਲ ਕੈਬ ਦੇ ਮੁਖੀ ਪਰਮਿੰਦਰ ਸਿੰਘ ਮਿੰਟੂ ਮਾਨ ਨੇ ਦੱਸਿਆ ਕਿ ਹਾਲੀਆ ਜੰਗੀ ਹਲਾਤ ਕਾਰਨ ਅੰਤਰਰਾਸ਼ਟਰੀ ਉਡਾਨਾਂ ਪ੍ਰਭਾਵਿਤ ਹੋਣ ਨਾਲ ਟੈਕਸੀ ਸੇਵਾ ਨਾਲ ਜੁੜੇ ਲੋਕਾਂ ਦੀ ਰੋਜ਼ੀ-ਰੋਟੀ 'ਤੇ ਸਿੱਧਾ ਅਸਰ ਪਿਆ ਹੈ | ਉਨ੍ਹਾਂ ਕਿਹਾ ਕਿ ਬੀਤੇ ਦਿਨ ਜਦੋਂ ਉਹ ਸਵਾਰੀ ਨੂੰ ਲੈਣ ਲਈ ਦਿੱਲੀ ਹਵਾਈ ਅੱਡੇ 'ਤੇ ਪਹੁੰਚੇ ਤਾਂ ਉਡਾਨਾਂ ਬੰਦ ਹੋਣ ਕਰਕੇ ਉਨ੍ਹਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ | ਇਸ ਨਾਲ ਨਾ ਸਿਰਫ਼ ਸਮਾਂ ਬਰਬਾਦ ਹੋਇਆ, ਸਗੋਂ ਆਰਥਿਕ ਨੁਕਸਾਨ ਵੀ ਝੇਲਣਾ ਪਿਆ | ਮਿੰਟੂ ਮਾਨ ਨੇ ਦੱਸਿਆ ਕਿ ਪਹਿਲਾਂ ਇਲਾਕੇ ਵਿਚ ਆਏ ਹੜ੍ਹਾਂ ਨੇ ਕਾਰੋਬਾਰ ਨੂੰ ਝਟਕਾ ਦਿੱਤਾ ਸੀ ਤੇ ਹੁਣ ਜੰਗੀ ਤਣਾਅ ਕਾਰਨ ਬਣੀ ਸਥਿਤੀ ਨੇ ਕੰਮਕਾਰ ਹੋਰ ਵੀ ਔਖਾ ਕਰ ਦਿੱਤਾ ਹੈ | ਉਨ੍ਹਾਂ ਨੇ ਇਕ ਉਦਾਹਰਨ ਦਿੰਦਿਆਂ ਕਿਹਾ ਕਿ ਅਗਲੇ ਦਿਨੀਂ ਇਕ ਲੜਕੀ ਦਾ ਵਿਆਹ ਸਮਾਗਮ ਨਿਯਤ ਹੈ | ਪਰਿਵਾਰਕ ਮੈਂਬਰ ਤਾਂ ਪਹੁੰਚ ਚੁੱਕੇ ਹਨ, ਪਰ ਉਡਾਨਾਂ ਰੱਦ ਹੋਣ ਕਾਰਨ ਲੜਕੀ ਰਸਤੇ ਵਿੱਚ ਹੀ ਫਸੀ ਹੋਈ ਹੈ, ਟੈਕਸੀ ਡਰਾਈਵਰ ਭਾਈਚਾਰੇ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਜਿਹੇ ਹਲਾਤਾਂ ਵਿਚ ਉਨ੍ਹਾਂ ਨੂੰ ਆਰਥਿਕ ਰਾਹਤ ਜਾਂ ਸਹਾਇਤਾ ਪ੍ਰਦਾਨ ਕੀਤੀ ਜਾਵੇ, ਤਾਂ ਜੋ ਉਹ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰ ਸਕਣ | ਇਸ ਮੌਕੇ ਪਰਮਿੰਦਰ ਸਿੰਘ ਮਿੰਟੂ, ਇੰਦਰਜੀਤ ਕਲੇਰ, ਕਾਕਾ ਕਲੇਰ, ਸਨਮਜੋਤ ਭੁੱਲਰ, ਕਮਲ ਸੰਧੂ ਜ਼ੀਰਾ, ਸੇਵਕ ਬੰਬ ਜ਼ੀਰਾ, ਪ੍ਰਭ ਕੋਟ ਸਦਰ ਖਾਂ, ਜਗਰੂਪ ਸਿੰਘ ਕਲੇਰ, ਹਰਿੰਦਰ ਨੱਥੂਵਾਲ, ਯੂਸਫ਼ ਖਾਨ ਕਿਸ਼ਨਪੁਰਾ ਕਲਾਂ, ਸਤਨਾਮ ਸਿੰਘ ਬੁੱਘੀਪੁਰਾ ਆਦਿ ਹਾਜ਼ਰ ਸਨ |
ਹਵਾਈ ਉਡਾਨਾਂ ਬੰਦ ਹੋਣ ਕਾਰਨ ਟੈਕਸੀ ਡਰਾਈਵਰ ਭਾਈਚਾਰਾ ਨਿਰਾਸ਼ਾ ਦੇ ਆਲਮ 'ਚ <br/>
ਅਜੀਤ ਡੈਸਕ
02-03-2026