ਧਰਮਕੋਟ, 29 ਅਪ੍ਰੈਲ (ਪਰਮਜੀਤ ਸਿੰਘ)-ਪੰਜਾਬ ਵਿਚ ਲਗਾਤਾਰ ਵੱਧ ਰਹੇ ਬਿਜਲੀ ਕੱਟਾਂ ਅਤੇ ਲੋਕਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ ਦੇ ਵਿਰੋਧ ਵਿਚ ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਪੱਧਰ ਤੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ | ਇਸ ਸਬੰਧੀ ਹਲਕਾ ਧਰਮਕੋਟ ਵਿਚ 30 ਅਪ੍ਰੈਲ ਦਿਨ ਵੀਰਵਾਰ ਸਵੇਰੇ 9:30 ਵਜੇ ਐਸ.ਡੀ.ਓ. ਦਫ਼ਤਰ ਧਰਮਕੋਟ ਨਜ਼ਦੀਕ ਗੁਰਦੁਆਰਾ ਬਾਬਾ ਪੂਰਨ ਸਿੰਘ ਜੀ ਦੇ ਬਾਹਰ ਵਿਸ਼ਾਲ ਰੋਸ ਧਰਨਾ ਲਗਾਇਆ ਜਾਵੇਗਾ | ਜਾਣਕਾਰੀ ਦਿੰਦਿਆਂ ਹਲਕਾ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਕਿਹਾ ਕਿ ਪੰਜਾਬ ਦੀ ਆਮ ਜਨਤਾ ਇਸ ਸਮੇਂ ਲਗਾਤਾਰ ਬਿਜਲੀ ਕੱਟਾਂ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਗਰਮੀ ਦੇ ਵਧਦੇ ਮੌਸਮ ਦੌਰਾਨ ਬਿਜਲੀ ਦੀ ਅਣ ਪੂਰੀ ਸਪਲਾਈ ਨੇ ਘਰੇਲੂ ਜੀਵਨ, ਵਪਾਰ ਅਤੇ ਕਿਸਾਨੀ ਖੇਤਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ, ਪਰ ਸਰਕਾਰ ਇਸ ਗੰਭੀਰ ਮਸਲੇ ਪ੍ਰਤੀ ਸੁਚੱਜੇ ਹੱਲ ਦੇਣ ਵਿਚ ਅਸਫਲ ਸਾਬਤ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਲੋਕਾਂ ਦੇ ਹੱਕਾਂ ਦੀ ਆਵਾਜ਼ ਬਣਿਆ ਹੈ ਅਤੇ ਬਿਜਲੀ ਸੰਕਟ ਵਰਗੇ ਜਨਹਿੱਤੀ ਮਸਲਿਆਂ ਤੇ ਚੁੱਪ ਨਹੀਂ ਬੈਠੇਗਾ |