ਨਿਹਾਲ ਸਿੰਘ ਵਾਲਾ, 29 ਅਪ੍ਰੈਲ (ਪਲਵਿੰਦਰ ਸਿੰਘ ਟਿਵਾਣਾ, ਸੁਖਦੇਵ ਸਿੰਘ ਖ਼ਾਲਸਾ)-ਰਾਮਪੁਰਾ ਤੋਂ ਵਾਇਆ ਪੱਤੋ ਹੀਰਾ ਸਿੰਘ, ਜਵਾਹਰ ਸਿੰਘ ਵਾਲਾ, ਬਾਘਾ ਪੁਰਾਣਾ ਜਾਣ ਨੈਸ਼ਨਲ ਹਾਈਵੇ 254 'ਤੇ ਪਿੰਡ ਜਵਾਹਰ ਸਿੰਘ ਵਾਲਾ ਚੌਂਕ 'ਚ ਬਣੇ ਇਕ ਢਾਬੇ ਅਤੇ ਰੇਤਾ-ਬੱਜਰੀ ਸਟੋਰ ਦੀ ਜਗ੍ਹਾ ਦੇ ਕਬਜ਼ੇ ਨੂੰ ਲੈ ਕੇ ਪਿਛਲੇ 7-8 ਮਹੀਨੇ ਤੋਂ ਪੀੜਤ ਧਿਰਾਂ ਵਲੋਂ ਕਿਸਾਨ ਆਗੂਆਂ ਦੇ ਸਹਿਯੋਗ ਨਾਲ ਧਰਨਾ ਲਗਾਇਆ ਹੋਇਆ ਸੀ | ਜ਼ਿਕਰਯੋਗ ਹੈ ਕਿ ਇਸ ਰਾਸ਼ਟਰੀ ਮਾਰਗ 'ਤੇ ਜਵਾਹਰ ਸਿੰਘ ਵਾਲਾ ਚੌਂਕ 'ਚ ਇਕ ਫਲਾਈਓਵਰ ਬਣਨ ਜਾ ਰਿਹਾ ਹੈ, ਜਿਸ ਲਈ ਸਰਕਾਰ ਵਲੋਂ ਜ਼ਮੀਨ ਅਕਵਾਇਰ ਕੀਤੀ ਗਈ ਸੀ ਪਰ ਪੀੜਤ ਧਿਰਾਂ ਵਲੋਂ ਯੋਗ ਮੁਆਵਜ਼ਾ ਨਾ ਮਿਲਣ ਕਾਰਨ ਧਰਨਾ ਲਗਾਇਆ ਹੋਇਆ ਸੀ | ਜਵਾਹਰ ਸਿੰਘ ਚੌਕ 'ਚ ਇਕ ਢਾਬਾ ਜਿਸ ਦਾ 9 ਮਰਲੇ ਹਿੱਸਾ ਅਤੇ ਇਸ ਦੇ ਨਾਲ 72 ਮਰਲੇ ਜਗ੍ਹਾ 'ਚ ਰੇਤਾ, ਬਜਰੀ, ਸੀਮਿੰਟ ਦਾ ਸਟੋਰ ਬਣਿਆ ਸੀ ਅਤੇ ਇਸ ਤੋ ਅੱਗੇ 50 ਮਰਲੇ ਜਗ੍ਹਾ 'ਚ 10 ਦੇ ਕਰੀਬ ਰਿਹਾਇਸ਼ੀ ਮਕਾਨ ਹਨ | ਇਸ ਮਾਮਲੇ ਨੂੰ ਲੈ ਕੇ ਸਥਾਨਿਕ ਪ੍ਰਸ਼ਾਸਨ ਵਲੋਂ ਨੋਟਿਸ ਦੇ ਕੇ ਜਗ੍ਹਾ ਖਾਲੀ ਕਰਨ ਲਈ 28 ਅਪ੍ਰੈਲ ਦਾ ਦਿਨ ਦਿੱਤਾ ਗਿਆ ਸੀ | ਪਰ ਅੱਜ ਅਚਾਨਕ ਹੀ ਸਵੇਰ ਦੇ ਐਸ.ਡੀ.ਐਮ. ਗਗਨਦੀਪ ਨਿਹਾਲ ਸਿੰਘ ਵਾਲਾ ਅਤੇ ਤਹਿਸੀਲਦਾਰ ਮਨਦੀਪ ਸਿੰਘ ਦੀ ਅਗਵਾਈ ਹੇਠ ਡੀ.ਐਸ.ਪੀ. ਅਨਵਰ ਅਲੀ ਅਤੇ ਇੰਸਪੈਕਟਰ ਜਤਿੰਦਰ ਸਿੰਘ ਭਾਰੀ ਪੁਲਿਸ ਫੋਰਸ ਨਾਲ ਪੁੱਜ ਕੇ ਉਕਤ ਕਬਜ਼ੇ ਵਾਲੀ ਜਗ੍ਹਾ 'ਤੇ ਬੈਠੇ ਧਰਨਾਕਾਰੀਆਂ ਨੂੰ ਖਦੇੜਦਿਆਂ ਪੀਲਾ ਪੰਜਾ ਚਲਾ ਕੇ ਸੀਮੈਂਟ ਦੇ ਸਟੋਰਾਂ ਨੂੰ ਢਾਹ ਢੇਰੀ ਕਰਦਿਆਂ ਕਬਜ਼ਾ ਲੈ ਲਿਆ ਗਿਆ ਅਤੇ ਸੜਕ ਦਾ ਰੁਕਿਆ ਹੋਇਆ ਕੰਮ ਸ਼ੁਰੂ ਕਰਵਾ ਦਿੱਤਾ ਗਿਆ | ਇਸ ਮੌਕੇ ਪੁੱਜੇ ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਰਾਜਵਿੰਦਰ ਸਿੰਘ ਧਰਮਕੋਟ, ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਪ੍ਰਧਾਨ ਭੁਪਿੰਦਰ ਸਿੰਘ ਸਾਹੋਕੇ, ਸਾਬਕਾ ਸਰਪੰਚ ਸੁਖਦੇਵ ਸਿੰਘ ਬਰਾੜ ਅਤੇ ਸਾਬਕਾ ਸਰਪੰਚ ਅਮਰਜੀਤ ਸਿੰਘ ਪੱਤੋ ਨੇ ਪੀੜਤ ਧਿਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਸੂਬਾ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਨੂੰ ਇਸ ਜਗ੍ਹਾ ਦਾ ਕਬਜ਼ਾ ਲੈਣ ਤੋਂ ਪਹਿਲਾਂ ਜੋ ਮੁਆਵਜ਼ਾ ਜਾਰੀ ਕੀਤਾ ਗਿਆ ਹੈ, ਉਹ ਬਹੁਤ ਹੀ ਨਿਗੂਣਾ ਹੈ ਜਦੋਂ ਅੱਜ ਜ਼ਮੀਨਾਂ ਦੇ ਭਾਅ ਅਸਮਾਨ ਛੂਹ ਰਹੇ ਹਨ |
ਭਾਰੀ ਗਿਣਤੀ 'ਚ ਪੁਲਿਸ ਫੋਰਸ ਨੂੰ ਲੈ ਕੇ ਸਥਾਨਿਕ ਪ੍ਰਸ਼ਾਸਨ ਨੇ ਧਰਨਾਕਾਰੀ ਨੂੰ ਖਦੇੜਿਦਿਆਂ ਜ਼ਮੀਨ ਦਾ ਕਬਜ਼ਾ ਛੁਡਵਾਇਆ
ਅਜੀਤ ਡੈਸਕ
30-04-2026