ਮੋਗਾ, 29 ਅਪ੍ਰੈਲ (ਸੁਰਿੰਦਰਪਾਲ ਸਿੰਘ)-ਮੋਗਾ ਜ਼ਿਲ੍ਹੇ ਦੀਆਂ ਅਧਿਆਪਕ ਜਥੇਬੰਦੀਆਂ ਦਾ ਵਫ਼ਦ ਅਧਿਆਪਕਾਂ ਨੂੰ ਜਨਗਣਨਾ ਸਬੰਧੀ ਆ ਰਹੀਆਂ ਮੁਸ਼ਕਲਾਂ ਤਹਿਤ ਏ.ਡੀ.ਸੀ. ਮੋਗਾ ਨੂੰ ਮਿਲਿਆ | ਅਧਿਆਪਕ ਆਗੂਆਂ ਪ੍ਰਗਟਜੀਤ ਸਿੰਘ ਕਿਸ਼ਨਪੁਰਾ, ਬਲਜਿੰਦਰ ਸਿੰਘ ਧਾਰੀਵਾਲ, ਦਿਗਵਿਜੇਪਾਲ ਸ਼ਰਮਾ, ਗੁਰਪ੍ਰੀਤ ਸਿੰਘ ਅਮੀਵਾਲ, ਸੁਰਿੰਦਰ ਸ਼ਰਮਾ, ਜਤਿੰਦਰ ਭੋਲਾ ਨੇ ਕਿਹਾ ਕਿ ਮੋਗਾ ਜ਼ਿਲ੍ਹੇ ਦੀਆਂ ਅਧਿਆਪਕ ਜਥੇਬੰਦੀਆਂ ਦਾ ਵਫ਼ਦ ਏ.ਡੀ.ਸੀ. ਨੂੰ ਮਿਲਿਆ ਅਤੇ ਮੰਗ ਕੀਤੀ ਕਿ ਮਰਦਮਸ਼ੁਮਾਰੀ ਦੌਰਾਨ ਕੰਮ ਕਰਦੇ ਅਧਿਆਪਕਾਂ ਨੂੰ ਸਕੂਲ ਡਿਊਟੀ ਤੋਂ ਛੋਟ ਦਿੱਤੀ ਜਾਵੇ | ਅਧਿਆਪਕਾਂ ਦੀ ਡਿਊਟੀ ਉਨ੍ਹਾਂ ਦੇ ਕੰਮ ਕਰਦੇ ਇਲਾਕੇ 'ਚ ਲਗਾਈ ਜਾਵੇ, ਸਿੱਖਿਆ ਵਿਭਾਗ ਦੇ ਕਰਮਚਾਰੀਆਂ ਤੋਂ ਇਲਾਵਾ ਹੋਰ ਵਿਭਾਗਾਂ ਦੇ ਕਰਮਚਾਰੀਆਂ ਦੀ ਅਨੁਪਾਤਕ ਡਿਊਟੀ ਲਗਾਈ ਜਾਵੇ | ਵਿਧਵਾ ਅਧਿਆਪਕਾਂ, ਗਰਭਵਤੀ ਔਰਤਾਂ, ਅੰਗਹੀਣ ਅਧਿਆਪਕਾਂ ਅਤੇ ਜਿਨ੍ਹਾਂ ਅਧਿਆਪਕਾਂ ਦੇ ਬੱਚੇ ਛੋਟੇ ਹਨ, ਨੂੰ ਡਿਊਟੀ ਤੋਂ ਛੋਟ ਦਿੱਤੀ ਜਾਵੇ | ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਉਪਰੋਕਤ ਮੰਗਾਂ ਦੇ ਯੋਗ ਹੱਲ ਕਰਨ ਦਾ ਭਰੋਸਾ ਦਿੱਤਾ | ਇਸ ਮੌਕੇ ਗੁਰਮੀਤ ਸਿੰਘ ਭੁੱਲਰ, ਸੁਖਪਾਲਜੀਤ ਸਿੰਘ, ਹਰਵਿੰਦਰ ਸਿੰਘ ਮਾਰਸ਼ਲ, ਦਵਿੰਦਰ ਹਰਾਜ, ਦੀਪਕ ਨਈਅਰ, ਕੁਲਦੀਪ ਸਿੰਘ, ਇੰਦਰਪਾਲ ਸਿੰਘ, ਜਗਦੀਪ ਸਿੰਘ, ਜੱਜਦੀਪ ਸਿੰਘ, ਵੀਰ ਸਿੰਘ, ਅਵਤਾਰ ਸਿੰਘ ਸਮਾਲਸਰ ਆਦਿ ਅਧਿਆਪਕ ਆਗੂ ਹਾਜ਼ਰ ਸਨ |