ਨੱਥੂਵਾਲਾ ਗਰਬੀ, 30 ਅਪ੍ਰੈਲ (ਨਵਦੀਪ ਸਿੰਘ)-ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਤੇ ਬਦਲਦੇ ਮੌਸਮਾਂ ਦੀ ਮਾਰ ਹਰ ਵਾਰ ਕਿਸਾਨਾਂ ਦੇ ਲੱਖਾਂ ਸੁਪਨਿਆਂ ਨੂੰ ਖ਼ਤਮ ਕਰਦੀ ਹੈ ਤੇ ਪਹਿਲਾ ਤੋਂ ਆਰਥਿਕ ਤੰਗੀਆਂ ਦਾ ਸਾਹਮਣਾ ਕਰ ਰਹੇ ਕਿਸਾਨਾਂ ਦੀ ਹਾਲਤ ਹੋਰ ਵੀ ਬਦਤਰ ਹੋ ਜਾਂਦੀ ਹੈ | ਇਹ ਪ੍ਰਗਟਾਵਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪੈੱ੍ਰਸ ਸਕੱਤਰ ਤੇਜਿੰਦਰ ਸਿੰਘ ਭੇਖਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਸਰਕਾਰ ਦੇ ਨਾਕਾਫ਼ੀ ਪ੍ਰਬੰਧਾਂ ਦੇ ਚੱਲਦਿਆਂ ਹਰ ਵਾਰ ਕਣਕ ਦੀ ਪੱਕੀ ਫ਼ਸਲ ਅੱਗ ਦੀ ਭੇਟ ਚੜ੍ਹਦੀ ਹੈ | ਉਨ੍ਹਾਂ ਕਿਹਾ ਕਿ ਫ਼ਸਲ ਨਾਂ ਸਿਰਫ਼ ਅੱਗ ਨਾਲ ਮੱਚਦੀ ਹੈ ਸਗੋਂ ਕਾਰਪੋਰੇਟ ਮੁਨਾਫ਼ੇ ਲਈ ਗੰਧਲੇ ਹੋ ਰਹੇ ਧਰਤੀ ਦੇ ਵਾਤਾਵਰਨ ਕਰਕੇ ਵੀ ਹਰ ਸਾਲ ਕਿਸਾਨਾਂ ਦੀ ਪੱਕੀ ਫ਼ਸਲ ਗੜੇਮਾਰੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ | ਭੇਖਾ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਲੰਮੇ ਸਮੇਂ ਤੋਂ ਮੰਗ ਕਰ ਰਹੀਆਂ ਹਨ ਕਿ ਕਿਸਾਨਾਂ ਦੀ ਫ਼ਸਲ ਜਿਨ੍ਹਾਂ ਪੂਰਾ ਬੀਮਾ ਕਿਸਾਨਾਂ ਨੂੰ ਮਿਲਣਾ ਚਾਹੀਦਾ ਹੈ ਅਤੇ ਸਾਡੀ ਸਰਕਾਰ ਤੋਂ ਮੰਗ ਹੈ ਕਿ ਗੜੇਮਾਰੀ ਅਤੇ ਅੱਗ ਨਾਲ ਸੜੀ ਕਣਕ ਦਾ ਪੂਰਾ ਮੁਆਵਜ਼ਾ ਤੁਰੰਤ ਜਾਰੀ ਕੀਤਾ ਜਾਵੇ | ਕਿਸਾਨ ਆਗੂ ਨੇ ਮੰਗ ਕੀਤੀ ਕਿ ਤੁਰੰਤ ਲਿਫ਼ਟਿੰਗ ਕਰਵਾਈ ਜਾਵੇ ਅਤੇ ਕਿਸਾਨਾਂ ਦੀ ਰਕਮ ਉਨ੍ਹਾਂ ਦੇ ਖਾਤਿਆਂ 'ਚ ਪਾਈ ਜਾਵੇ |