24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਗਊ ਸੈੱਸ ਲੈਣ ਦੇ ਬਾਵਜੂਦ ਵੀ ਸ਼ਹਿਰ 'ਚ ਆਵਾਰਾ ਪਸ਼ੂਆਂ ਦੀ ਵਧੀ ਭਰਮਾਰ

ਅਜੀਤ ਡੈਸਕ 01-05-2026
ਮੋਗਾ, 30 ਅਪ੍ਰੈਲ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਸਮੁੱਚੇ ਮੋਗਾ ਜ਼ਿਲ੍ਹੇ ਵਿਚ ਆਵਾਰਾ ਪਸ਼ੂਆਂ ਦੀ ਭਰਮਾਰ ਇੰਨੀ ਵੱਧ ਚੁੱਕੀ ਹੈ ਕਿ ਮੁੱਖ ਮਾਰਗਾਂ ਤੋਂ ਲੈ ਕੇ ਖੇਤਾਂ ਗਲੀ ਮੁਹੱਲਿਆਂ ਅਤੇ ਸ਼ਹਿਰਾਂ ਵਿਚ ਘੁੰਮਦੇ ਝੁੰਡ ਬਣਾ ਕੇ ਆਵਾਰਾ ਪਸ਼ੂ ਲੋਕਾਂ ਦੀ ਜਾਨ ਦਾ ਖੌਅ ਬਣਦੇ ਹਨ ਅਤੇ ਆਵਾਰਾ ਢੱਠੇ ਆਏ ਦਿਨ ਕਿਸੇ ਨਾ ਕਿਸੇ ਵਿਅਕਤੀ ਨੂੰ ਆਪਣੀ ਲਪੇਟ ਵਿਚ ਲੈ ਲੈਂਦੇ ਹਨ ਜਿਸ ਦੀ ਤਾਜ਼ਾ ਮਿਸਾਲ ਬੀਤੇ ਦਿਨ ਮੋਗਾ ਸ਼ਹਿਰ ਦੀ ਸਬਜ਼ੀ ਮੰਡੀ ਵਿਚ ਇਕ 48 ਸਾਲਾਂ ਪ੍ਰਵਾਸੀ ਮਜ਼ਦੂਰ ਨੂੰ ਆਵਾਰਾ ਪਸ਼ੂ ਨੇ ਬੁਰੀ ਤਰ੍ਹਾਂ ਆਪਣੀ ਲਪੇਟ ਵਿਚ ਲੈ ਲਿਆ ਅਤੇ ਉਸ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ | ਇੱਥੇ ਹੀ ਬਸ ਨਹੀਂ ਸ਼ਹਿਰ ਦੇ ਬਾਜ਼ਾਰਾਂ ਅਤੇ ਮੁੱਖ ਮਾਰਗਾਂ 'ਤੇ ਘੁੰਮਦੇ ਆਵਾਰਾ ਪਸ਼ੂ ਹਾਦਸਿਆਂ ਦਾ ਵੱਡਾ ਕਾਰਨ ਬਣਦੇ ਹਨ ਅਤੇ ਉਹ ਮਨੁੱਖੀ ਜ਼ਿੰਦਗੀ 'ਤੇ ਭਾਰੂ ਪੈਂਦੇ ਹਨ | ਜੇਕਰ ਸਾਡੀਆਂ ਸਮੇਂ ਦੀਆਂ ਸਰਕਾਰਾਂ ਦੀ ਗੱਲ ਕੀਤੀ ਜਾਵੇ ਤਾਂ ਸਰਕਾਰਾਂ ਇਨ੍ਹਾਂ ਆਵਾਰਾ ਗਊਆਂ ਅਤੇ ਪਸ਼ੂਆਂ ਦੇ ਰੱਖ ਰਖਾਅ ਅਤੇ ਦੇਖ-ਭਾਲ ਲਈ ਇਨ੍ਹਾਂ ਨੂੰ ਗਊਸ਼ਾਲਾਵਾਂ ਵਿਚ ਰੱਖਣ ਲਈ ਵੱਡੇ ਦਾਅਵੇ ਕਰਦੀ ਹੈ ਅਤੇ ਆਮ ਲੋਕਾਂ ਤੋਂ ਹਰ ਚੀਜ਼ 'ਤੇ ਗਊ ਸੈਸ ਵਸੂਲਦੀ ਹੈ ਪਰ ਸਰਕਾਰਾਂ ਇਨ੍ਹਾਂ ਆਵਾਰਾ ਪਸ਼ੂਆਂ ਨੂੰ ਕੰਟਰੋਲ ਕਰਨ ਵਿਚ ਬੁਰੀ ਤਰ੍ਹਾਂ ਫ਼ੇਲ੍ਹ ਸਾਬਤ ਹੋਈਆਂ ਹਨ ਅਤੇ ਕਦੇ ਵੀ ਇਸ ਗੰਭੀਰ ਮਸਲੇ ਨੂੰ ਅਮਲੀ ਜਾਮਾ ਪਹਿਨਾ ਕੇ ਹੱਲ ਨਹੀਂ ਕੀਤਾ ਗਿਆ | ਭਾਵੇਂ ਕਿ ਜ਼ਿਲ੍ਹਾ ਪ੍ਰਸ਼ਾਸਨ ਆਵਾਰਾ ਪਸ਼ੂਆਂ ਦੀ ਸੰਭਾਲ ਲਈ ਜ਼ਿਲ੍ਹੇ ਵਿਚ ਅੱਠ ਦੇ ਕਰੀਬ ਗਊਸ਼ਾਲਾਵਾਂ ਦੀ ਗੱਲ ਕਰਦਾ ਹੈ ਪਰ ਹਕੀਕਤ ਕੁਝ ਹੋਰ ਹੈ ਅਤੇ ਇਨ੍ਹਾਂ ਗਊਸ਼ਾਲਾਵਾਂ ਦੇ ਪ੍ਰਬੰਧ ਐਨੇ ਕੁ ਮਾੜੇ ਹਨ ਕਿ ਕਿਸੇ ਗੋਰਖ-ਧੰਦੇ ਤੋਂ ਘੱਟ ਨਹੀਂ ਅਤੇ ਪੂਰੇ ਮੋਗਾ ਜ਼ਿਲ੍ਹੇ ਵਿਚ ਕੋਈ ਵੀਹ ਦੇ ਕਰੀਬ ਹੋਰ ਵੀ ਗਊਸ਼ਾਲਾਵਾਂ ਹਨ ਪਰ ਇਸ ਦੇ ਬਾਵਜੂਦ ਵੀ ਆਵਾਰਾ ਪਸ਼ੂਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਪਰ ਜ਼ਿਲ੍ਹਾ ਪ੍ਰਸ਼ਾਸਨ ਵੀ ਇਸ ਮਸਲੇ ਨੂੰ ਹੱਲ ਕਰਨ ਵਿਚ ਅਸਫਲ ਨਜ਼ਰ ਆਉਂਦਾ ਹੈ ਅਤੇ ਇਨ੍ਹਾਂ ਆਵਾਰਾ ਪਸ਼ੂਆਂ ਨਾਲ ਆਏ ਦਿਨ ਹਾਦਸੇ ਹੋ ਰਹੇ ਹਨ | ਇਨ੍ਹਾਂ ਆਵਾਰਾ ਪਸ਼ੂਆਂ ਤੋਂ ਇਕੱਲੇ ਆਮ ਲੋਕ ਹੀ ਪਰੇਸ਼ਾਨ ਨਹੀਂ ਹਨ ਸਗੋਂ ਇਹ ਆਵਾਰਾ ਪਸ਼ੂ ਕਿਸਾਨਾਂ ਦੇ ਖੇਤਾਂ ਵਿਚ ਖੜ੍ਹੀਆਂ ਫ਼ਸਲਾਂ ਦਾ ਵੀ ਵੱਡਾ ਨੁਕਸਾਨ ਕਰਦੇ ਹਨ ਅਤੇ ਉਨ੍ਹਾਂ ਨੂੰ ਦਿਨ ਰਾਤ ਇਕ ਕਰ ਕੇ ਉਨ੍ਹਾਂ ਦੇ ਬਚਾਅ ਲਈ ਖੇਤਾਂ ਵਿਚ ਵਾਰ-ਵਾਰ ਗੇੜੇ ਮਾਰਨੇ ਪੈਂਦੇ ਹਨ ਅਤੇ ਕਈ ਵਾਰ ਕਿਸਾਨ ਵੀ ਇਨ੍ਹਾਂ ਦੀ ਲਪੇਟ ਵਿਚ ਆ ਜਾਂਦੇ ਹਨ | ਜੇਕਰ ਸਾਡੀਆਂ ਸਰਕਾਰਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਇਨ੍ਹਾਂ ਆਵਾਰਾ ਪਸ਼ੂਆਂ ਦਾ ਢੁਕਵਾਂ ਹੱਲ ਨਹੀਂ ਕਰਦਾ ਤਾਂ ਇਹ ਸਮੱਸਿਆ ਆਉਣ ਵਾਲੇ ਸਮੇਂ ਵਿਚ ਹੋਰ ਵੀ ਗੰਭੀਰ ਰੂਪ ਧਾਰ ਸਕਦੀ ਹੈ |
ਗਊ ਸੈਸ ਦਾ ਪੈਸਾ ਸਰਕਾਰ ਕਰ ਰਹੀ ਹੈ ਮਸ਼ਹੂਰੀਆਂ 'ਤੇ ਖ਼ਰਚ-ਤਖ਼ਤੂਪੁਰਾ
ਇਸ ਸਬੰਧੀ ਗੱਲਬਾਤ ਕਰਦਿਆਂ ਉੱਘੇ ਸਮਾਜ ਸੇਵੀ ਤੇ ਸਾਬਕਾ ਚੇਅਰਮੈਨ ਐਡਵੋਕੇਟ ਪਰਮਪਾਲ ਸਿੰਘ ਤਖ਼ਤੂਪੁਰਾ ਨੇ ਕਿਹਾ ਕਿ ਕਰੋੜਾਂ ਰੁਪਏ ਦੇ ਗਊ ਸੈਸ ਲੈਣ ਦੇ ਬਾਵਜੂਦ ਵੀ ਸਾਡੀ ਸਰਕਾਰ ਇਸ ਵੱਲ ਬਿਲਕੁਲ ਧਿਆਨ ਨਹੀਂ ਦੇ ਰਹੀ ਜਿਸ ਕਾਰਨ ਹਰ ਰੋਜ਼ ਬੇਸ਼ਕੀਮਤੀ ਜਾਨਾਂ ਮੌਤ ਦੇ ਮੂੰਹ ਵਿਚ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਲੋਕਾਂ ਵਲੋਂ ਇਕੱਠਾ ਕੀਤਾ ਗਊ ਸੈਸ ਦਾ ਪੈਸਾ ਮਾਨ ਸਰਕਾਰ ਮਸ਼ਹੂਰੀਆਂ 'ਤੇ ਖ਼ਰਚ ਕਰ ਰਹੀ ਹੈ ਜਦ ਕਿ ਚਾਹੀਦਾ ਤਾਂ ਇਹ ਹੈ ਕਿ ਸਰਕਾਰ ਇਸ ਦਾ ਫ਼ੌਰੀ ਹੱਲ ਕਰੇ ਤਾਂ ਜੋ ਅਜਾਈਾ ਜਾ ਰਹੀਆਂ ਜਾਨਾਂ ਨੂੰ ਬਚਾਇਆ ਜਾ ਸਕੇ |
ਪਿਛਲੀ ਖ਼ਬਰ ਸੰਤ ਬਾਬਾ ਭਾਗ ਸਿੰਘ ਪਬਲਿਕ ਸਕੂਲ ਸੁਖਾਨੰਦ ਦੇ ਵੱਡੀ ਗਿਣਤੀ ਪੁਜ਼ੀਸ਼ਨਾਂ ਲੈਣ ਵਾਲੇ ਵਿਦਿਆਰਥੀਆਂ ਨੇ ਰੁਸ਼ਨਾਇਆ ਮਾਪਿਆ... ਅਗਲੀ ਖ਼ਬਰ ਸੁਪਰੀਮ ਕਾਨਵੈਂਟ ਸਕੂਲ ਬਿਲਾਸਪੁਰ 'ਚ ਮਜ਼ਦੂਰ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।