ਮੋਗਾ, 11 ਮਈ (ਸੁਰਿੰਦਰਪਾਲ ਸਿੰਘ)-ਲੋਕ ਸਹਿਤ ਅਕਾਦਮੀ ਮੋਗਾ ਵਲੋਂ ਸੁਤੰਤਰਤਾ ਸੈਨਾਨੀ ਭਵਨ ਵਿਖੇ ਪ੍ਰਭਾਵਸ਼ਾਲੀ ਸਮਾਗਮ ਉੱਘੇ ਵਿਅੰਗਕਾਰ ਕੇ.ਐਲ. ਗਰਗ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ | ਉਨ੍ਹਾਂ ਦੇ ਪ੍ਰਧਾਨਗੀ ਮੰਡਲ ਵਿਚ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ, ਡਾ. ਅਜੀਤਪਾਲ ਜਟਾਣਾ ਜ਼ਿਲ੍ਹਾ ਭਾਸ਼ਾ ਅਫ਼ਸਰ, ਡਾ. ਸੁਰਜੀਤ ਬਰਾੜ ਘੋਲੀਆ, ਹਰਚਰਨ ਸਿੰਘ ਸੰਧੂ ਸਾਬਕਾ ਪੀ.ਸੀ.ਐਸ. ਅਤੇ ਲੈਫ. ਕਰਨਲ ਬਾਬੂ ਸਿੰਘ ਸ਼ਾਮਿਲ ਸਨ | ਇਸ ਮੌਕੇ ਲੈਫ. ਕਰਨਲ ਬਾਬੂ ਸਿੰਘ ਵਲੋਂ ਲਿਖੀਆਂ ਕਵਿਤਾਵਾਂ ਦੀ ਕਿਤਾਬ ਜਲਵੇ ਕਵਿਤਾ ਦੇ ਜੋ ਸਵਰਗੀ ਪੂਜਨੀਕ ਮਾਤਾ ਭਗਵਾਨ ਕੌਰ ਨੂੰ ਸਮਰਪਿਤ ਪੁਸਤਕ ਲੋਕ ਅਰਪਣ ਕੀਤੀ ਗਈ | ਇਤਫ਼ਾਕ ਨਾਲ ਦਿਨ ਵੀ ਅੰਤਰ-ਰਾਸ਼ਟਰੀ ਮਾਤਾ ਦਿਵਸ ਸੀ | ਸਟੇਜ ਚਲਾਉਂਦੇ ਹੋਏ ਨੌਜਵਾਨ ਸ਼ਾਇਰ ਚਰਨਜੀਤ ਸਮਾਲਸਰ ਨੇ ਸ਼ੁਰੂਆਤੀ ਦੌਰ ਵਿਚ ਚਰਨਜੀਤ ਸਲੀਣਾ (ਕੈਨੇਡਾ) ਅਤੇ ਹਰਭਜਨ ਸਿੰਘ ਨਾਗਰਾ ਨੂੰ ਗੀਤਾਂ ਨਾਲ ਹਾਜ਼ਰੀ ਲਵਾਉਣ ਲਈ ਸੱਦਾ ਦਿੱਤਾ | ਸਮਾਗਮ ਨੂੰ ਰਸਮੀ ਤੌਰ 'ਤੇ ਅੱਗੇ ਵਧਾਉਂਦੇ ਹੋਏ ਉੱਘੇ ਆਲੋਚਕ ਡਾ. ਸੁਰਜੀਤ ਬਰਾੜ ਘੋਲੀਆ ਨੇ ਕਰਨਲ ਬਾਬੂ ਸਿੰਘ ਦੀ ਕਿਤਾਬ ਜਲਵੇ ਕਵਿਤਾ ਦੇ ਨੂੰ ਵੰਨ-ਸਵੰਨਤਾ ਤੇ ਵੱਖ-ਵੱਖ ਵਿਸ਼ਿਆਂ ਨਾਲ ਭਰਪੂਰ ਦੱਸਦੇ ਹੋਏ ਕਿਹਾ ਕਿ ਇਸ ਦੀਆਂ ਸਾਰੀਆਂ ਕਵਿਤਾਵਾਂ ਛੰਦ ਬੱਧ ਹਨ ਅਤੇ ਇਹ ਇਹ ਸ਼ਾਇਰ ਦੀ ਖ਼ੂਬੀ ਹੈ ਕਿ ਉਹ ਅੱਜ ਵੀ ਪੰਜਾਬੀਅਤ ਨਾਲ ਭਰਪੂਰ ਕਵਿਤਾ ਦੀ ਸਿਰਜਣਾ ਕਰ ਰਿਹਾ ਹੈ | ਸਾਹਿਤਕਾਰ ਕੇ.ਐਲ. ਗਰਗ ਨੇ ਪ੍ਰਧਾਨਗੀ ਭਾਸ਼ਣ ਵਿਚ ਇਸ ਸੰਗ੍ਰਹਿ ਨੂੰ ਰਾਜਨੀਤੀ ਦੀਆਂ ਕੁਰੀਤੀਆਂ ਅਤੇ ਸਮਾਜਿਕ ਸਰੋਕਾਰਾਂ ਦੀ ਬਾਤ ਪਾਉਣ ਵਾਲਾ ਕਿਹਾ ਹੈ | ਬਲਦੇਵ ਸਿੰਘ ਸੜਕਨਾਮਾ ਨੇ ਕਿਹਾ ਕਿ ਜਲਵੇ ਕਵਿਤਾ ਦੇ ਕਰਨਲ ਬਾਬੂ ਸਿੰਘ ਦੀ ਸੱਤਵੀਂ ਕਿਤਾਬ ਹੈ | ਇਸ ਨੇ ਫ਼ੌਜ ਵਿਚ ਰਹਿ ਕੇ ਵੀ ਹਮੇਸ਼ਾ ਸੱਚ ਦਾ ਸਾਥ ਦਿੱਤਾ, ਰਾਜਨੀਤੀ ਵਿਚ ਆ ਕੇ ਵੀ ਸੱਚ ਸੁਣਾਉਣਾ ਚਾਹਿਆ, ਆਖ਼ਰ ਉਸ ਨੇ ਆਪਣੀ ਗੱਲ ਕਹਿਣ ਲਈ ਕਵਿਤਾ ਨੂੰ ਚੁਣਿਆ | ਡਾ. ਅਜੀਤਪਾਲ ਜਟਾਣਾ ਨੇ ਵਧਾਈ ਦਿੰਦਿਆਂ ਕਿਹਾ ਕਿ ਪੰਜਾਬੀ ਸਾਹਿਤ ਨੂੰ ਕਰਨਲ ਬਾਬੂ ਸਿੰਘ ਦੀ ਕਲਮ ਤੋਂ ਬਹੁਤ ਉਮੀਦਾਂ ਹਨ | ਕਹਾਣੀਕਾਰ ਗੁਰਮੀਤ ਕੜਿਆਲਵੀ ਨੇ ਕਰਨਲ ਬਾਬੂ ਸਿੰਘ ਨੂੰ ਨਵੀਂ ਕਿਤਾਬ ਦੀ ਵਧਾਈ ਦਿੱਤੀ | ਕਵੀ ਦਰਬਾਰ ਵਿਚ ਜੰਗੀਰ ਸਿੰਘ ਖੋਖਰ, ਕੁਲਵਿੰਦਰ ਸਿੰਘ ਦਲਗੀਰ, ਸੋਨੂ ਸੁਲਤਾਨ ਸ੍ਰੀ ਤਰਨਤਾਰਨ ਸਾਹਿਬ, ਸੋਨੀ ਮੋਗਾ, ਗੁਰਮੇਲ ਬੌਡੇ, ਡਾ. ਅਜੀਤਪਾਲ ਜਟਾਣਾ, ਮਨਧੀਰ ਕੌਰ ਮਨੂੰ ਸੰਚਾਲਕ ਰੇਡੀਉ/ਟੀ.ਵੀ. ਆਪਣਾ ਵਿੰਨੀਪਿਗ ਕੈਨੇਡਾ ਨੇ ਹਿੱਸਾ ਲਿਆ | ਇਸ ਸਮੇਂ ਗਿਆਨ ਸਿੰਘ ਸਾਬਕਾ ਡੀ.ਪੀ.ਆਰ.ਓ. ਮੋਗਾ ਅਤੇ ਹੋਰ ਸਾਹਿਤਕਾਰ ਹਾਜ਼ਰ ਸਨ | ਇਸ ਮੌਕੇ ਦਾਤ ਆਡੀਓ ਸੀ.ਡੀ. ਵੀ ਲੋਕ ਅਰਪਣ ਕੀਤੀ ਗਈ |