ਕੋਟ ਈਸੇ ਖਾਂ, 15 ਮਈ (ਗੁਰਮੀਤ ਸਿੰਘ ਖ਼ਾਲਸਾ)-ਪਿਛਲੀ ਵਾਰ ਵਾਰਡ ਨੰਬਰ 4 ਤੋਂ ਆਮ ਆਦਮੀ ਪਾਰਟੀ ਤੋ ਚੋਣ ਜਿੱਤੇ ਇਕਲੌਤੇ ਕੌਂਸਲਰ ਗੁਰਪ੍ਰੀਤ ਸਿੰਘ ਸਿੱਧੂ ਨੇ ਇਸ ਵਾਰ ਫਿਰ ਇਸੇ ਵਾਰਡ ਜੋ 4 ਨੰਬਰ ਤੋਂ ਬਦਲ ਕੇ 7 ਨੰਬਰ ਬਣ ਚੁੱਕਾ ਹੈ, ਤੋਂ ਆਜ਼ਾਦ ਤੌਰ 'ਤੇ ਆਪਣੀ ਧਰਮ-ਪਤਨੀ ਮਨਜੀਤ ਕੌਰ ਸਿੱਧੂ ਨੂੰ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ 'ਚ ਉਤਾਰ ਦਿੱਤਾ ਹੈ | ਜਿਸ ਸਬੰਧੀ ਸਿੱਧੂ ਪਰਿਵਾਰ ਨੇ ਧਰਮਕੋਟ ਐਸ.ਡੀ.ਐਮ. ਦਫ਼ਤਰ ਵਿਖੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ | ਕੌਂਸਲਰ ਗੁਰਪ੍ਰੀਤ ਸਿੰਘ ਸਿੱਧੂ ਦੇ ਭਰਾ ਈ.ਟੀ.ਟੀ. ਅਧਿਆਪਕ ਯੂਨੀਅਨ ਪੰਜਾਬ ਦੇ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਪਿਛਲੇ ਇਲੈੱਕਸ਼ਨ 'ਚ ਲੋਕਾਂ ਨੇ ਹਵਾ ਦੇ ਉਲਟ ਜਾ ਕੇ ਕਾਂਗਰਸ ਦੀ ਸਰਕਾਰ 'ਚ ਗੁਰਪ੍ਰੀਤ ਸਿੰਘ ਸਿੱਧੂ ਨੂੰ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਜਿਤਾਇਆ ਸੀ, ਪਰ ਆਮ ਆਦਮੀ ਪਾਰਟੀ ਨੇ ਆਪਣੀ ਪਾਰਟੀ ਦੇ ਜਿੱਤੇ ਕੌਂਸਲਰ ਨੂੰ ਛੱਡ ਕੇ ਦੂਜੀਆਂ ਪਾਰਟੀਆਂ 'ਚੋਂ ਆਏ ਕੌਂਸਲਰਾਂ ਨੂੰ ਮੂਹਰੇ ਰੱਖਿਆ, ਜਿਸ ਕਰਕੇ ਹੁਣ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਕੌਂਸਲਰ ਗੁਰਪ੍ਰੀਤ ਸਿੰਘ ਸਿੱਧੂ ਨੇ ਆਪਣੇ ਦਮ 'ਤੇ ਆਪਣੇ ਵਾਰਡ ਦਾ ਵਿਕਾਸ ਕਰਵਾਇਆ ਤੇ ਹਰ ਇਕ ਦੇ ਦੁੱਖ ਸੁੱਖ 'ਚ ਹਾਜ਼ਰੀ ਲਗਵਾਈ, ਲੋਕਾਂ ਦੇ ਘਰਾਂ 'ਚ ਪੁੱਜ ਕੇ ਮੋਹਰਾਂ ਲਾਈਆਂ | ਉਨ੍ਹਾਂ ਕਿਹਾ ਕਿ ਕੀਤੇ ਕੰਮਾਂ ਸਦਕਾ ਵਾਰਡ ਨੰਬਰ 7 ਵਾਸੀਆਂ ਦਾ ਇਸ ਵਾਰ ਵੀ ਵੱਡਾ ਸਮਰਥਨ ਮਿਲ ਰਿਹਾ ਹੈ ਤੇ ਆਜ਼ਾਦ ਚੋਣ ਲੜਦਿਆਂ ਵੱਡੀ ਲੀਡ ਨਾਲ ਸੀਟ ਜਿੱਤੀ ਜਾਵੇਗੀ | ਇਸੇ ਤਰ੍ਹਾਂ ਸ਼ਹਿਰ ਦੇ ਸੀਕਰੀ ਪਰਿਵਾਰ ਦੇ ਨੌਜਵਾਨ ਆਗੂ ਅਰੁਣ ਸੀਕਰੀ ਜੋ ਵਾਰਡ ਨੰਬਰ 6 ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ, ਉਨ੍ਹਾਂ ਵੱਲੋਂ ਵੀ ਆਪਣੇ ਸਮਰਥਕਾਂ ਸਮੇਤ ਪੁੱਜ ਕੇ ਨਾਮਜ਼ਦਗੀ ਦਰਜ ਕਰਵਾਈ ਗਈ | ਉਨ੍ਹਾਂ ਦੇ ਨਾਲ ਪੁੱਜੇ ਪਤਵੰਤਿਆਂ ਵਿਚ ਪੰਡਤ ਵੀਰਭਾਨ, ਸਿੱਪਾ ਸੀਕਰੀ, ਡਾ. ਚਾਹਤ ਕੰਬੋਜ, ਐਡਵੋਕੇਟ ਅਜੇ ਛਾਬੜਾ, ਬਚਿੱਤਰ ਸਿੰਘ ਬਹਿਰਾਮਕੇ ਤੇ ਹੋਰ ਸਾਥੀ ਸਮਰਥਕ ਵੀ ਨਜ਼ਰ ਆਏ | ਇਸ ਤੋਂ ਇਲਾਵਾ ਸ਼ਹਿਰ ਦੇ ਵਾਰਡ ਨੰਬਰ 4 ਤੋਂ ਹੀਰਾ ਲਾਲ ਡਾਬਰ ਦੀ ਧਰਮ ਪਤਨੀ ਰਜਨੀ ਬਾਲਾ ਜੋ ਪਹਿਲਾਂ ਆਮ ਆਦਮੀ ਪਾਰਟੀ ਵਲੋਂ ਟਿਕਟ ਦੇ ਦਾਅਵੇਦਾਰ ਸਨ, ਉਨ੍ਹਾਂ ਵਲੋਂ ਆਪਣੇ ਵੱਡੀ ਗਿਣਤੀ 'ਚ ਸਮਰਥਕਾਂ ਨਾਲ ਪੁੱਜ ਕੇ ਆਜ਼ਾਦ ਉਮੀਦਵਾਰ ਵਜੋਂ ਆਪਣੀ ਨਾਮਜ਼ਦਗੀ ਦਾਖਲ ਕਰਵਾਈ | ਸ਼ਹਿਰ ਦੇ ਵਾਰਡ ਨੰਬਰ 5 ਤੋਂ ਅਗਰਵਾਲ ਬਰਾਦਰੀ ਦੇ ਨੌਜਵਾਨ ਤੇ ਸਮਾਜ ਸੇਵੀ ਆਗੂ ਨਿਸ਼ੂ ਗੁਪਤਾ ਦੀ ਧਰਮ ਪਤਨੀ ਸ਼ਾਇਨੀ ਨੇ ਵੀ ਆਜ਼ਾਦ ਉਮੀਦਵਾਰ ਵਜੋਂ ਆਪਣੇ ਕਾਗ਼ਜ਼ ਦਾਖਲ ਕਰਵਾਏ ਅਤੇ ਵਾਰਡ ਨੰਬਰ 10 ਤੋਂ ਪੱਤਰਕਾਰ ਤਰਸੇਮ ਸਚਦੇਵਾ ਵੀ ਚੋਣ ਲੜਨ ਲਈ ਆਪਣੀ ਨਾਮਜ਼ਦਗੀ ਦਰਜ ਕਰਵਾ ਚੁੱਕੇ ਹਨ |