ਕੋਟ ਈਸੇ ਖਾਂ, 15 ਮਈ (ਗੁਰਮੀਤ ਸਿੰਘ ਖ਼ਾਲਸਾ)-26 ਮਈ ਨੂੰ ਨਗਰ ਪੰਚਾਇਤ ਕੋਟ ਈਸੇ ਖਾਂ ਦੀਆਂ ਪੈਣ ਵਾਲੀਆਂ ਵੋਟਾਂ ਦੇ ਸਬੰਧ ਵਿੱਚ ਧਰਮਕੋਟ ਵਿਖੇ ਮਿਤੀ 13 ਤੋਂ 16 ਮਈ ਤੱਕ ਹੋ ਰਹੀਆਂ ਨਾਮਜ਼ਦਗੀਆਂ ਚੋਣਾਂ ਲੜਨ ਦੇ ਚਾਹਵਾਨ ਜਿੱਥੇ ਵੱਖ ਵੱਖ ਸਿਆਸੀ ਪਾਰਟੀਆਂ ਤੇ ਆਜ਼ਾਦ ਉਮੀਦਵਾਰ ਆਪਣੀਆਂ ਨਾਮਜ਼ਦਗੀਆਂ ਲੈ ਕੇ ਪੁੱਜ ਰਹੇ ਹਨ ਉੱਥੇ ਹੀ ਨਾਮਜ਼ਦਗੀਆਂ ਦੇ ਤੀਜੇ ਦਿਨ ਸੱਤਾਧਾਰੀ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਸ਼ਹਿਰ ਦੇ ਸਾਰੇ 13 ਵਾਰਡਾਂ ਵਿਚ ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਵਲੋਂ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੀ ਅਗਵਾਈ ਵਿਚ ਵਿਸ਼ੇਸ਼ ਇਕੱਤਰਤਾ ਉਪਰੰਤ ਪੂਰੇ ਉਤਸ਼ਾਹ ਨਾਲ ਆਪਣੀਆਂ ਨਾਮਜ਼ਦਗੀਆਂ ਦਰਜ ਕਰਵਾਈਆਂ ਗਈਆਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵਲੋਂ ਦਰਜ ਹੋਈਆਂ ਨਾਮਜ਼ਦਗੀਆਂ ਉਪਰੰਤ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਕਿਹਾ ਕਿ ਸ਼ਹਿਰ ਕੋਟ ਈਸੇ ਖਾਂ ਦੇ ਵਾਸੀਆਂ ਨੂੰ ਯਾਦ ਹੈ ਕਿ ਜਦੋਂ ਵਿਧਾਨ ਸਭਾ ਚੋਣਾਂ ਸਨ ਤੇ ਉਨ੍ਹਾਂ ਨੇ ਆਪਣੀ ਚੋਣ ਸਮੇਂ ਵੀ ਸ਼ਹਿਰ ਵਾਸੀਆਂ ਨਾਲ ਇਹ ਵਾਅਦਾ ਕੀਤਾ ਸੀ ਕਿ ਜੇ ਉਨ੍ਹਾਂ ਨੇ ਜਾਂ ਉਨ੍ਹਾਂ ਦੇ ਨਾਲ ਜੁੜੇ ਹੋਏ ਸਾਥੀਆਂ ਨੇ ਕੰਮ ਕੀਤੇ ਤਾਂ ਤੁਸੀ ਸਾਥ ਜ਼ਰੂਰ ਦੇਣਾ ਤੇ ਸ਼ਹਿਰ ਸਬੰਧੀ ਜੋ ਵੀ ਉਨ੍ਹਾਂ ਨੇ ਵਾਅਦੇ ਲੋਕਾਂ ਨਾਲ ਕੀਤੇ ਸਨ, ਉਹ ਇੰਨਬਿੰਨ ਪੁਗਾਏ ਅਤੇ ਉਸ ਤੋਂ ਵੱਧ ਕੇ ਉਹ ਕੰਮ ਵੀ ਕੀਤੇ ਜੋ ਵਾਅਦੇ ਤੱਕ ਵੀ ਲੋਕਾਂ ਨੇ ਉਨ੍ਹਾਂ ਨਾਲ ਨਹੀਂ ਸੀ ਕੀਤੇ | ਉਨ੍ਹਾਂ ਕਿਹਾ ਕਿ ਹੁਣ ਵੀ ਜਿਹੜੇ ਉਮੀਦਵਾਰ ਪਾਰਟੀ ਵਲੋਂ ਲੋਕਾਂ ਦੀ ਕਚਹਿਰੀ ਵਿਚ ਲਿਆਂਦੇ ਜਾ ਰਹੇ ਹਨ, ਉਹ ਉਮੀਦਵਾਰ ਬਹੁਗਿਣਤੀ ਵਾਰਡ ਵਾਸੀਆਂ ਦੀ ਸਲਾਹ ਨਾਲ ਹੀ ਦਿੱਤੇ ਗਏ ਹਨ | ਨਾਮਜ਼ਦਗੀਆਂ ਦੇ ਪਹਿਲੇ ਦਿਨ ਵਿਰੋਧੀ ਪਾਰਟੀ ਦੇ ਕੁਝ ਉਮੀਦਵਾਰਾਂ ਵਲੋਂ ਖੱਜਲ ਖੁਆਰੀ ਦੇ ਲਾਏ ਦੋਸ਼ਾਂ ਸਬੰਧੀ ਪੱਤਰਕਾਰਾਂ ਵਲੋਂ ਪੁੱਛੇ ਸਵਾਲ ਦੇ ਜਵਾਬ ਵਿਚ ਵਿਧਾਇਕ ਢੋਸ ਨੇ ਕਿਹਾ ਕਿ ਪਹਿਲੇ ਦਿਨ ਵੀ ਉਨ੍ਹਾਂ ਵਲੋਂ ਖ਼ੁਦ ਮੂਹਰੇ ਆ ਕੇ ਇਹ ਕਿਹਾ ਗਿਆ ਸੀ ਕਿ ਕਿਸੇ ਵੀ ਵਿਰੋਧੀ ਪਾਰਟੀ ਦੇ ਉਮੀਦਵਾਰ ਨੂੰ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ ਸਗੋਂ ਸਭ ਦੇ ਕਾਗ਼ਜ਼ ਭਰਨ ਵਿਚ ਉਹ ਸਹਿਯੋਗ ਵੀ ਦੇਣਗੇ | ਉਨ੍ਹਾਂ ਕਿਹਾ ਕਿ ਵਿਰੋਧੀ ਡਰਾਮੇ ਬਾਜ਼ੀਆਂ ਨਾ ਕਰਨ ਇਹ ਸਭ ਚੋਣ ਨਾ ਲੜਨ ਦੇ ਬਹਾਨੇ ਹੁੰਦੇ ਹਨ | ਉਨ੍ਹਾਂ ਕਿਹਾ ਕਿ ਸਭ ਨੂੰ ਚੋਣ ਲੜਨ ਦਾ ਅਧਿਕਾਰ ਹੈ ਤੇ ਜੋ ਵੀ ਲੋਕ ਫ਼ਤਵਾ ਹੋਵੇਗਾ, ਉਹ ਸਭ ਨੂੰ ਮਨਜ਼ੂਰ ਹੋਣਾ ਚਾਹੀਦਾ ਹੈ | ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵਲੋਂ ਸ਼ਹਿਰ ਕੋਟ ਈਸੇ ਖਾਂ ਦੇ ਸਾਰੇ 13 ਵਾਰਡਾਂ ਲਈ ਦਰਜ ਕਰਵਾਈਆਂ ਗਈਆਂ ਨਾਮਜ਼ਦਗੀਆਂ ਵਿਚ ਵਾਰਡ ਨੰਬਰ 1 ਲੇਡੀਜ਼ ਜਨਰਲ ਤੋਂ ਕਿਰਨ ਪਤਨੀ ਸੁਖਪ੍ਰੀਤ ਸਿੰਘ ਉਰਫ਼ ਭਾਊ ਵਿਜੇ ਕਾਲੜਾ, ਵਾਰਡ ਨੰਬਰ ਦੋ ਐਸ.ਸੀ. ਤੋਂ ਪ੍ਰਕਾਸ਼ ਸਿੰਘ ਰਾਜਪੂਤ, ਵਾਰਡ ਨੰਬਰ 3 ਐਸ.ਸੀ ਲੇਡੀਜ਼ ਤੋਂ ਦਰਸ਼ਨਾ ਰਾਣੀ ਪਤਨੀ ਸ਼ਿੰਦਰਪਾਲ ਸ਼ਿੰਦੂ ਭੱਟੀ, ਵਾਰਡ ਨੰਬਰ 4 ਜਨਰਲ ਤੋਂ ਅੰਮਿ੍ਤਪਾਲ ਸਿੰਘ ਉਰਫ਼ ਕਪਿਲ ਮਹਿਤਾ, ਵਾਰਡ ਨੰਬਰ 5 ਲੇਡੀਜ਼ ਜਰਨਲ ਤੋਂ ਸੁਨੀਤਾ ਰਾਣੀ ਪਤਨੀ ਪ੍ਰਦੀਪ ਕੁਮਾਰ ਪਲਤਾ, ਵਾਰਡ ਨੰਬਰ 6 ਜਨਰਲ ਤੋਂ ਸੁਮਿਤ ਕੁਮਾਰ ਬਿੱਟੂ ਮਲਹੋਤਰਾ, ਵਾਰਡ ਨੰਬਰ 7 ਲੇਡੀਜ਼ ਜਨਰਲ ਤੋਂ ਸੁਖਨਜੀਤ ਕੌਰ ਪਤਨੀ ਅਮਨ ਟੱਕਰ, ਵਾਰਡ ਨੰਬਰ 8 ਐਸ.ਸੀ. ਤੋਂ ਜਰਨੈਲ ਸਿੰਘ ਰਾਜਪੂਤ, ਵਾਰਡ ਨੰਬਰ 9 ਐਸ.ਸੀ. ਲੇਡੀਜ਼ ਤੋਂ ਸੀਮਾ ਪਤਨੀ ਗੁਰਮੁਖ ਸਿੰਘ, ਵਾਰਡ ਨੰਬਰ 10 ਜਨਰਲ ਤੋਂ ਸਚਿਨ ਧੀਰ ਪੁੱਤਰ ਵਿਜੇ ਕੁਮਾਰ ਧੀਰ, ਵਾਰਡ ਨੰਬਰ 11 ਲੇਡੀਜ਼ ਜਰਨਲ ਤੋਂ ਸਿਮਰਨਜੀਤ ਕੌਰ ਪਤਨੀ ਬਿਕਰਮ ਸ਼ਰਮਾ, ਵਾਰਡ ਨੰਬਰ 12 ਜਨਰਲ ਤੋਂ ਮੁਕੇਸ਼ ਕੁਮਾਰ ਉਰਫ਼ ਰਾਜੂ ਸਚਦੇਵਾ ਪੁੱਤਰ ਸੁਰਿੰਦਰਪਾਲ ਸਚਦੇਵਾ, ਵਾਰਡ ਨੰਬਰ 13 ਬੀ.ਸੀ. ਤੋਂ ਸੁੱਚਾ ਸਿੰਘ ਪੁਰਬਾ ਵਲੋਂ ਆਪਣੀਆਂ ਨਾਮਜ਼ਦਗੀਆਂ ਦਰਜ ਕਰਵਾਈਆਂ ਗਈਆਂ |