ਬਾਘਾ ਪੁਰਾਣਾ, 15 ਮਈ (ਟਿੰਕੂ ਕਾਠਪਾਲ)-ਸਮਾਜ ਸੇਵੀ ਐਡਵੋਕੇਟ ਅਮਿਤ ਅਗਰਵਾਲ ਨੂੰ ਭਾਰਤੀ ਜਨਤਾ ਪਾਰਟੀ ਵਲੋਂ ਸੂਬਾ ਆਰ.ਟੀ. ਸੈਲ ਦਾ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ | ਇਸ ਮੌਕੇ ਇਲਾਕੇ ਭਰ ਤੋਂ ਉਨ੍ਹਾਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ | ਇਸ ਸਬੰਧੀ ਸ੍ਰੀ ਸਾਲਾਸਰ ਸੇਵਾ ਮੰਡਲ ਬਾਘਾ ਪੁਰਾਣਾ ਵਲੋਂ ਪ੍ਰਧਾਨ ਵਿਜੇ ਗੁਪਤਾ ਦੀ ਅਗਵਾਈ ਹੇਠ ਐਡਵੋਕੇਟ ਅਮਿਤ ਅਗਰਵਾਲ ਦਾ ਹਾਰ ਪਾ ਕੇ ਸਨਮਾਨ ਕੀਤਾ ਗਿਆ | ਇਸ ਮੌਕੇ ਰਮਨ ਘਰ, ਬਿੱਲਾ ਕਟਾਰੀਆ, ਜਗਸੀਰ, ਜੁਗਨੰੂ ਜਿੰਦਲ, ਟੋਨੀ ਗੋਇਲ ਅਤੇ ਹੋਰ ਆਗੂ ਹਾਜ਼ਰ ਸਨ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੇਵਾ ਮੰਡਲ ਦੇ ਪ੍ਰਧਾਨ ਵਿਜੇ ਗੁਪਤਾ ਨੇ ਕਿਹਾ ਕਿ ਸ਼ਹਿਰ ਦੇ ਇਮਾਨਦਾਰ ਅਤੇ ਪੜ੍ਹੇ-ਲਿਖੇ ਨੌਜਵਾਨਾਂ ਦਾ ਸਿਆਸਤ ਵਿਚ ਆਉਣਾ ਸਮਾਜ ਲਈ ਚੰਗਾ ਸੰਕੇਤ ਹੈ | ਉਨ੍ਹਾਂ ਕਿਹਾ ਕਿ ਐਡਵੋਕੇਟ ਅਮਿਤ ਅਗਰਵਾਲ ਧਾਰਮਿਕ ਅਤੇ ਸਮਾਜ ਸੇਵੀ ਕਾਰਜਾਂ ਵਿਚ ਹਮੇਸ਼ਾ ਅੱਗੇ ਰਹਿ ਕੇ ਸੇਵਾ ਨਿਭਾਉਂਦੇ ਆ ਰਹੇ ਹਨ | ਭਾਜਪਾ ਵਲੋਂ ਉਨ੍ਹਾਂ ਨੂੰ ਦਿੱਤਾ ਗਿਆ ਮਾਣ-ਸਨਮਾਨ ਬਾਘਾ ਪੁਰਾਣਾ ਦੇ ਲੋਕਾਂ, ਖ਼ਾਸ ਕਰਕੇ ਨੌਜਵਾਨਾਂ ਵਿਚ ਨਵਾਂ ਉਤਸ਼ਾਹ ਪੈਦਾ ਕਰ ਰਿਹਾ ਹੈ | ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਐਡਵੋਕੇਟ ਅਮਿਤ ਅਗਰਵਾਲ ਨੂੰ ਹੋਰ ਵੱਡੀਆਂ ਜ਼ਿੰਮੇਵਾਰੀਆਂ ਮਿਲ ਸਕਦੀਆਂ ਹਨ, ਜਿਸ ਨਾਲ ਸ਼ਹਿਰ ਵਾਸੀਆਂ ਦੀਆਂ ਉਮੀਦਾਂ ਹੋਰ ਵਧੀਆਂ ਹਨ | ਅੰਤ ਵਿਚ ਐਡਵੋਕੇਟ ਅਮਿਤ ਅਗਰਵਾਲ ਨੇ ਸ੍ਰੀ ਸਾਲਾ ਸਰ ਸੇਵਾ ਮੰਡਲ ਦੇ ਪ੍ਰਧਾਨ ਅਤੇ ਸਮੂਹ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਮਿਲੇ ਇਸ ਮਾਣ-ਸਨਮਾਨ ਲਈ ਉਹ ਸਦਾ ਸ਼ਹਿਰ ਵਾਸੀਆਂ ਅਤੇ ਸਮਾਜਿਕ ਸੰਸਥਾਵਾਂ ਦੇ ਰਿਣੀ ਰਹਿਣਗੇ |