ਮੋਗਾ, 15 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਪ੍ਰਵਾਸੀ ਏਕਤਾ ਮੰਚ ਨੇ ਵਾਰਡ ਨੰਬਰ 15 ਦੇ ਕਬੀਰ ਨਗਰ ਵਿਚ ਕਾਂਗਰਸੀ ਆਗੂ ਅਤੇ ਇੰਪਰੂਵਮੈਂਟ ਟਰੱਸਟ ਮੋਗਾ ਦੇ ਸਾਬਕਾ ਚੇਅਰਮੈਨ ਵਿਨੋਦ ਬਾਂਸਲ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਪ੍ਰਵਾਸੀ ਭਾਈਚਾਰਾ ਆਉਣ ਵਾਲੀਆਂ ਨਗਰ ਨਿਗਮ ਅਤੇ ਵਿਧਾਨ ਸਭਾ ਚੋਣਾਂ ਵਿਚ ਪ੍ਰਵਾਸੀਆਂ ਦੇ ਹਿਤਾਂ ਦੀ ਗੱਲ ਕਰਨ ਵਾਲਿਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰੇਗਾ | ਇਸ ਮੌਕੇ ਕਾਂਗਰਸੀ ਆਗੂ ਵਿਨੋਦ ਬਾਂਸਲ ਨੇ ਕਿਹਾ ਕਿ ਭਾਵੇਂ ਉਨ੍ਹਾਂ ਦੀ ਪਾਰਟੀ ਇਸ ਸਮੇਂ ਸੱਤਾ ਵਿਚ ਨਹੀਂ ਹੈ, ਪਰ ਨਿੱਜੀ ਪੱਧਰ 'ਤੇ ਪ੍ਰਵਾਸੀ ਭਾਈਚਾਰੇ ਦੀ ਬਿਹਤਰੀ ਲਈ ਜੋ ਵੀ ਕੰਮ ਕੀਤਾ ਜਾਂਦਾ ਹੈ, ਉਹ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹੇ ਹਨ | ਇਸ ਵਾਰ ਜੇਕਰ ਉਨ੍ਹਾਂ ਨੂੰ ਕਾਂਗਰਸ ਦੀ ਟਿਕਟ ਮਿਲਦੀ ਹੈ ਤਾਂ ਉਹ ਵਿਧਾਨ ਸਭਾ ਚੋਣਾਂ ਵੀ ਲੜਨਗੇ | ਜੇਕਰ ਉਹ ਚੋਣਾਂ ਜਿੱਤ ਜਾਂਦੇ ਹਨ ਤਾਂ ਉਹ ਪ੍ਰਵਾਸੀ ਭਾਈਚਾਰੇ ਦੀ ਬਿਹਤਰੀ ਲਈ ਜੋ ਵੀ ਸੰਭਵ ਹੋਵੇਗਾ, ਉਹ ਕਰਨਗੇ | ਕਾਂਗਰਸੀ ਆਗੂ ਵਿਨੋਦ ਬਾਂਸਲ ਨੇ ਕਿਹਾ ਕਿ ਉਹ ਕਦੇ ਵੀ ਐਲਾਨ ਨਹੀਂ ਕਰਦੇ ਸਿਰਫ਼ ਤੇ ਸਿਰਫ਼ ਉਹ ਕੰਮ ਵਿਚ ਵਿਸ਼ਵਾਸ ਰੱਖਦੇ ਹਨ ਅਤੇ ਜੋ ਵੀ ਕਹਿ ਰਹੇ ਹਨ, ਉਸ ਨੂੰ ਪੂਰਾ ਕਰਨਗੇ | ਪ੍ਰਵਾਸੀ ਭਾਈਚਾਰੇ ਦੇ ਕੁਝ ਪਤਵੰਤਿਆਂ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ, ਜਦੋਂ ਪ੍ਰਵਾਸੀ ਭਾਈਚਾਰਾ ਬੇਇਨਸਾਫ਼ੀ ਦਾ ਸਾਹਮਣਾ ਕਰ ਰਿਹਾ ਸੀ, ਤਾਂ ਕਿਸੇ ਵੀ ਪਾਰਟੀ ਦੇ ਆਗੂ ਨੇ ਉਨ੍ਹਾਂ ਦਾ ਸਮਰਥਨ ਨਹੀਂ ਕੀਤਾ ਸੀ | ਸਿਰਫ਼ ਵਿਨੋਦ ਬਾਂਸਲ ਹੀ ਉਨ੍ਹਾਂ ਦੇ ਨਾਲ ਖੜ੍ਹੇ ਸਨ ਅਤੇ ਬੇਇਨਸਾਫ਼ੀ ਹੋਣ ਤੋਂ ਰੋਕਦੇ ਸਨ | ਕਾਂਗਰਸੀ ਆਗੂ ਵਿਨੋਦ ਬਾਂਸਲ ਨੇ ਕਿਹਾ ਕਿ ਜੇਕਰ ਪ੍ਰਵਾਸੀ ਭਾਈਚਾਰੇ ਪੁਰਾਣੀ ਦਾਣਾ ਮੰਡੀ ਵਿਚ ਬਣਾਈਆਂ ਜਾ ਰਹੀਆਂ ਦੁਕਾਨਾਂ ਦੇ ਮਾਮਲੇ ਵਿਚ ਪ੍ਰਵਾਸੀ ਭਾਈਚਾਰੇ ਨਾਲ ਕੋਈ ਨਾਇਨਸਾਫ਼ੀ ਕਰੇਗਾ ਤਾਂ ਉਹ ਜ਼ੋਰਦਾਰ ਆਵਾਜ਼ ਉਠਾਉਣਗੇ ਅਤੇ ਉਹ ਹਰ ਸਮੇਂ ਪ੍ਰਵਾਸੀ ਭਾਈਚਾਰੇ ਨਾਲ ਚਟਾਨ ਵਾਂਗ ਖੜ੍ਹੇ ਹਨ | ਇਸ ਮੌਕੇ ਪ੍ਰਵਾਸੀ ਭਾਈਚਾਰੇ ਦੇ ਵੱਡੀ ਗਿਣਤੀ ਵਿਚ ਮਰਦ ਅਤੇ ਔਰਤਾਂ ਤੇ ਕਾਂਗਰਸ ਨੇਤਾ ਹਿੰਦਾ ਬਰਾੜ ਵੀ ਹਾਜ਼ਰ ਸਨ |