ਨਿਹਾਲ ਸਿੰਘ ਵਾਲਾ, 15 ਮਈ (ਪਲਵਿੰਦਰ ਸਿੰਘ ਟਿਵਾਣਾ)-ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਮੋਗਾ ਅਸ਼ੀਸ਼ ਕੁਮਾਰ ਸ਼ਰਮਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਦਿਆਲ ਸਿੰਘ ਮਠਾੜੂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਾਮਵਰ ਸਿੱਖਿਆ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਵਿਖੇ ਕੌਮੀ ਤਕਨਾਲੋਜੀ ਦਿਵਸ ਉਤਸ਼ਾਹ ਪੂਰਵਕ ਮਨਾਇਆ ਗਿਆ | ਸਵੇਰ ਦੀ ਸਭਾ ਦੌਰਾਨ ਪਿ੍ੰਸੀਪਲ ਗੁਰਪ੍ਰੀਤ ਕੌਰ ਨੇ ਇਸ ਦਿਨ ਦੇ ਮਹੱਤਵ ਬਾਰੇ ਰੌਸ਼ਨੀ ਪਾਉਂਦਿਆਂ ਕਿਹਾ ਕਿ ਅਜੋਕਾ ਯੁੱਗ ਵਿਗਿਆਨ ਅਤੇ ਤਕਨਾਲੋਜੀ ਦਾ ਹੈ | ਇਸ ਸਮੇਂ ਸਿੱਖਿਆ ਵਿਭਾਗ ਵਲੋਂ ਭੇਜੇ ਸਵਾਲਾਂ ਤੇ ਆਧਾਰਿਤ ਕੁਇਜ਼ ਮੁਕਾਬਲੇ ਕਰਵਾਏ ਗਏ | ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਨਾਲ ਇਨ੍ਹਾਂ ਦੇ ਜਵਾਬ ਦਿੱਤੇ | ਮੋਹਰੀ ਬੱਚਿਆਂ ਦੀ ਹੌਸਲਾ ਅਫਜਾਈ ਵੀ ਕੀਤੀ ਗਈ | ਮੈਨੇਜਿੰਗ ਡਾਇਰੈਕਟਰ ਪਿ੍ੰਸੀਪਲ ਮਹਿੰਦਰ ਕੌਰ ਢਿੱਲੋਂ ਨੇ ਕਿਹਾ ਕਿ ਅਸੀਂ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਸਾਇੰਸ ਅਤੇ ਤਕਨਾਲੋਜੀ ਦੀ ਪੜ੍ਹਾਈ ਵੱਲ ਵਿਸ਼ੇਸ਼ ਧਿਆਨ ਦੇ ਰਹੇ ਹਾਂ | ਬਾਨੀ ਪਿ੍ੰਸੀਪਲ ਭੁਪਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਇੱਕੀਵੀਂ ਸਦੀ 'ਚ ਤਰੱਕੀ ਲਈ ਜ਼ਰੂਰੀ ਹੈ ਕਿ ਆਈ ਟੀ ਭਾਵ ਇਨਫਰਮੇਸ਼ਨ ਤਕਨਾਲੋਜੀ ਨੂੰ ਅਪਣਾਇਆ ਜਾਵੇ | ਵਾਈਸ ਪਿ੍ੰਸੀਪਲ ਮੈਡਮ ਮੀਨਾ ਜੈਨ ਨੇ ਵਿਦਿਆਰਥੀਆਂ ਨੂੰ ਸਾਇੰਸ ਦੀ ਪੜ੍ਹਾਈ ਕਰਨ ਦੀ ਸਲਾਹ ਦਿੱਤੀ | ਪ੍ਰੋਗਰਾਮ ਅਫ਼ਸਰ ਗੁਰਚਰਨ ਸਿੰਘ ਰਾਮਾਂ ਨੇ ਸਾਈਬਰ ਅਪਰਾਧ ਪ੍ਰਤੀ ਸੁਚੇਤ ਕਰਦਿਆਂ ਇਨ੍ਹਾਂ ਤਕਨੀਕਾਂ ਦੀ ਵਰਤੋਂ ਚੌਕਸੀ ਨਾਲ ਕਰਨ ਦੀ ਸਲਾਹ ਦਿੱਤੀ | ਇਸ ਸਮੇਂ ਸਾਰੇ ਸਟਾਫ਼ ਅਤੇ ਵਿਦਿਆਰਥੀਆਂ ਨੇ ਹਲਫ਼ ਲਿਆ ਕਿ ਅਸੀਂ ਨਵੀਨਤਮ ਤਕਨਾਲੋਜੀ ਨੂੰ ਅਪਣਾ ਕੇ ਇਸ ਦਾ ਸਦ ਉਪਯੋਗ ਕਰਾਂਗੇ |