ਧਰਮਕੋਟ, 17 ਮਈ (ਪਰਮਜੀਤ ਸਿੰਘ)-ਜ਼ਿਲੇ੍ਹ ਮੋਗੇ ਦੀ ਸਿਆਸਤ ਵਿਚ ਨੌਜਵਾਨ ਆਗੂਆਂ ਨੂੰ ਅੱਗੇ ਲਿਆਉਣ ਅਤੇ ਉਨ੍ਹਾਂ ਨੂੰ ਅਸਲ ਮਾਇਨੇ ਵਿਚ ਜਨਤਾ ਦੀ ਨੁਮਾਇੰਦਗੀ ਦੇਣ ਵਾਲੀ ਰਾਜਨੀਤਿਕ ਸੋਚ ਹੁਣ ਹੋਰ ਵੱਧ ਮਜ਼ਬੂਤੀ ਨਾਲ ਉੱਭਰ ਕੇ ਸਾਹਮਣੇ ਆ ਰਹੀ ਹੈ | ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੀ ਪਾਰਖੂ ਸੋਚ ਦੂਰ-ਅੰਦੇਸ਼ ਯੋਜਨਾ ਅਤੇ ਨੌਜਵਾਨ ਵਰਗ 'ਤੇ ਅਟੱਲ ਭਰੋਸੇ ਦਾ ਸਭ ਤੋਂ ਵੱਡਾ ਸਬੂਤ ਰਵਿੰਦਰ ਪਾਲ ਸਿੰਘ ਗਿੱਲ ਰਵੀ ਗਿੱਲ ਫ਼ਤਿਹਗੜ੍ਹ ਕੋਰੋਟਾਣਾ ਦੇ ਰੂਪ ਵਿਚ ਸਾਹਮਣੇ ਆਇਆ ਹੈ, ਜਿਨ੍ਹਾਂ ਨੇ ਪਹਿਲਾਂ ਜ਼ਿਲ੍ਹਾ ਪ੍ਰੀਸ਼ਦ ਚੋਣ ਜਿੱਤ ਕੇ ਆਪਣੀ ਮਜ਼ਬੂਤ ਪਹਿਚਾਣ ਬਣਾਈ ਅਤੇ ਹੁਣ ਜ਼ਿਲ੍ਹਾ ਪ੍ਰੀਸ਼ਦ ਮੋਗਾ ਦੇ ਚੇਅਰਮੈਨ ਵਜੋਂ ਨਿਯੁਕਤ ਹੋ ਕੇ ਨੌਜਵਾਨ ਵਰਗ ਦੀਆਂ ਉਮੀਦਾਂ ਨੂੰ ਨਵੀਂ ਉਡਾਣ ਦਿੱਤੀ ਹੈ | ਜਦੋਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦਾ ਮਾਹੌਲ ਤਿਆਰ ਹੋ ਰਿਹਾ ਸੀ ਤਾਂ ਉਸ ਵੇਲੇ ਹੀ ਸਿਆਸੀ ਮੰਚਾਂ 'ਤੇ ਇਹ ਗੱਲ ਚਰਚਾ ਦਾ ਕੇਂਦਰ ਬਣ ਗਈ ਸੀ ਕਿ ਲਾਡੀ ਢੋਸ ਦੀ ਅਗਵਾਈ ਹੇਠ ਇਸ ਵਾਰ ਨੌਜਵਾਨ ਚਿਹਰਿਆਂ ਨੂੰ ਵੱਡਾ ਮੌਕਾ ਮਿਲੇਗਾ | ਰਵੀ ਗਿੱਲ ਨੂੰ ਚੋਣ ਮੈਦਾਨ ਵਿਚ ਉਤਾਰਨਾ ਕੇਵਲ ਇਕ ਸਧਾਰਨ ਫ਼ੈਸਲਾ ਨਹੀਂ ਸੀ ਸਗੋਂ ਇਹ ਨੌਜਵਾਨ ਤਾਕਤ 'ਤੇ ਵਿਸ਼ਵਾਸ ਦੀ ਮਜ਼ਬੂਤ ਮਿਸਾਲ ਸੀ | ਰਵੀ ਗਿੱਲ ਨੇ ਲੋਕਾਂ ਨਾਲ ਆਪਣੀ ਨਜ਼ਦੀਕੀ ਸਾਫ਼ ਸੁਥਰੀ ਛਵੀ ਅਤੇ ਨਿਰੰਤਰ ਮਿਹਨਤ ਦੇ ਆਧਾਰ ਤੇ ਨਾ ਸਿਰਫ਼ ਜਿੱਤ ਹਾਸਲ ਕੀਤੀ ਬਲਕਿ ਇਹ ਵੀ ਸਾਬਤ ਕੀਤਾ ਕਿ ਜੇਕਰ ਮੌਕਾ ਮਿਲੇ ਤਾਂ ਨਵੀਂ ਪੀੜ੍ਹੀ ਵੱਡੇ ਪ੍ਰਸ਼ਾਸਨਿਕ ਅਹੁਦਿਆਂ ਦੀ ਜ਼ਿੰਮੇਵਾਰੀ ਵੀ ਕਾਬਲਿਯਤ ਨਾਲ ਨਿਭਾ ਸਕਦੀ ਹੈ | ਜ਼ਿਲ੍ਹਾ ਪ੍ਰੀਸ਼ਦ ਮੋਗਾ ਦੇ ਚੇਅਰਮੈਨ ਵਜੋਂ ਰਵੀ ਗਿੱਲ ਦੀ ਤਾਜਪੋਸ਼ੀ ਨੂੰ ਜਿੱਥੇ ਲਾਡੀ ਢੋਸ ਦੀ ਰਾਜਨੀਤਿਕ ਸੂਝਬੂਝ ਦਾ ਨਤੀਜਾ ਮੰਨਿਆਂ ਜਾ ਰਿਹਾ ਹੈ, ਉੱਥੇ ਮੋਗਾ ਜ਼ਿਲੇ੍ਹ ਵਿਚ ਆਮ ਆਦਮੀ ਪਾਰਟੀ ਦੀ ਟੀਮ ਵਰਕ ਦੀ ਵੀ ਖੂਬ ਸ਼ਲਾਘਾ ਹੋ ਰਹੀ ਹੈ | ਹਲਕਾ ਬਾਘਾ ਪੁਰਾਣਾ ਤੋਂ ਵਿਧਾਇਕ ਅੰਮਿ੍ਤਪਾਲ ਸਿੰਘ ਸੁਖਾਨੰਦ, ਹਲਕਾ ਮੋਗਾ ਤੋਂ ਵਿਧਾਇਕ ਅਮਨਦੀਪ ਕੌਰ ਅਰੋੜਾ ਅਤੇ ਹਲਕਾ ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਵੀ ਮੋਗਾ ਜ਼ਿਲੇ੍ਹ ਵਿਚ ਨੌਜਵਾਨ ਲੀਡਰਸ਼ਿਪ ਨੂੰ ਮਜ਼ਬੂਤ ਕਰਨ ਲਈ ਆਪਣੇ ਆਪਣੇ ਖੇਤਰਾਂ ਵਿਚ ਲੋਕਧਾਰਾ ਨੂੰ ਪਾਰਟੀ ਨਾਲ ਜੋੜਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ | ਇਹ ਚਾਰੋ ਵਿਧਾਇਕਾਂ ਦੀ ਸਾਂਝੀ ਸੋਚ ਅਤੇ ਲੋਕਾਂ ਨਾਲ ਜੁੜੀ ਕਾਰਗੁਜ਼ਾਰੀ ਨੇ ਜ਼ਿਲੇ੍ਹ ਦੀ ਸਿਆਸਤ ਵਿਚ ਇਕ ਨਵਾਂ ਅਧਿਆਇ ਲਿਖਿਆ ਹੈ, ਜਿੱਥੇ ਵਿਕਾਸ ਨੌਜਵਾਨੀ ਅਤੇ ਇਮਾਨਦਾਰ ਨੁਮਾਇੰਦਗੀ ਕੇਂਦਰ ਵਿਚ ਨਜ਼ਰ ਆ ਰਹੀ ਹੈ | ਲਾਡੀ ਢੋਸ ਦੀ ਖ਼ਾਸੀਅਤ ਇਹ ਰਹੀ ਹੈ ਕਿ ਉਨ੍ਹਾਂ ਨੇ ਹਮੇਸ਼ਾ ਜ਼ਮੀਨੀ ਵਰਕਰਾਂ ਅਤੇ ਨੌਜਵਾਨ ਵਰਗ ਨੂੰ ਸਿਆਸੀ ਤਾਕਤ ਦੇ ਕੇਂਦਰ ਵਿਚ ਰੱਖਿਆ | ਇਹੀ ਕਾਰਨ ਹੈ ਕਿ ਚੇਅਰਮੈਨ ਰਵੀ ਗਿੱਲ ਵਰਗੇ ਨੌਜਵਾਨ ਚਿਹਰੇ ਅੱਜ ਸਿਰਫ਼ ਆਪਣੇ ਪਿੰਡ ਜਾਂ ਇਲਾਕੇ ਤੱਕ ਸੀਮਤ ਨਹੀਂ ਰਹੇ ਸਗੋਂ ਪੂਰੇ ਜ਼ਿਲੇ੍ਹ ਦੀ ਰਾਜਨੀਤਿਕ ਪਹਿਚਾਣ ਬਣ ਰਹੇ ਹਨ | ਦੂਸਰੇ ਪਾਸੇ ਅੰਮਿ੍ਤਪਾਲ ਸਿੰਘ ਸੁਖਾਨੰਦ, ਅਮਨਦੀਪ ਕੌਰ ਅਰੋੜਾ ਅਤੇ ਮਨਜੀਤ ਸਿੰਘ ਬਿਲਾਸਪੁਰ ਦੀ ਮਜ਼ਬੂਤ ਹਾਜ਼ਰੀ ਨੇ ਵੀ ਇਹ ਸਪਸ਼ਟ ਕੀਤਾ ਹੈ ਕਿ ਮੋਗਾ ਜ਼ਿਲੇ੍ਹ ਦੇ ਤਿੰਨੇ ਹਲਕਿਆਂ ਵਿਚ ਨੌਜਵਾਨੀ ਦੀ ਆਵਾਜ਼ ਨੂੰ ਤਰਜੀਹ ਦਿੱਤੀ ਜਾ ਰਹੀ ਹੈ | ਰਾਜਨੀਤਿਕ ਮਾਹਿਰਾਂ ਦਾ ਮੰਨਣਾ ਹੈ ਕਿ ਚੇਅਰਮੈਨ ਰਵੀ ਗਿੱਲ ਦੀ ਉੱਭਰਦੀ ਸਿਆਸੀ ਪਛਾਣ ਅਤੇ ਲਾਡੀ ਢੋਸ ਦੀ ਦੂਰਅੰਦੇਸ਼ੀ ਨਾਲ ਆਉਣ ਵਾਲੇ ਸਮੇਂ ਵਿਚ ਨੌਜਵਾਨ ਸਿਆਸਤ ਨੂੰ ਹੋਰ ਵੱਡਾ ਮੰਚ ਮਿਲੇਗਾ | ਇਸ ਨਾਲ ਨਾ ਕੇਵਲ ਜ਼ਿਲ੍ਹਾ ਮੋਗਾ ਵਿਚ ਆਮ ਆਦਮੀ ਪਾਰਟੀ ਦੀ ਪਕੜ ਮਜ਼ਬੂਤ ਹੋਈ ਹੈ ਸਗੋਂ ਇਹ ਵੀ ਸਾਬਤ ਹੋਇਆ ਹੈ ਕਿ ਜਦੋਂ ਨੇਤਿ੍ਤਵ ਕੋਲ ਸਹੀ ਪਹਿਚਾਣ ਅਤੇ ਨਵੀਂ ਸੋਚ ਹੋਵੇ ਤਾਂ ਆਮ ਘਰਾਂ ਦੇ ਨੌਜਵਾਨ ਵੀ ਵੱਡੇ ਅਹੁਦਿਆਂ ਤੱਕ ਪਹੁੰਚ ਸਕਦੇ ਹਨ | ਰਵੀ ਗਿੱਲ ਦੀ ਸਫਲਤਾ ਅੱਜ ਮੋਗਾ ਜ਼ਿਲੇ੍ਹ ਦੇ ਨੌਜਵਾਨਾਂ ਲਈ ਪੇ੍ਰਰਨਾ ਬਣ ਚੁੱਕੀ ਹੈ, ਜਦ ਕਿ ਲਾਡੀ ਢੋਸ ਸਮੇਤ ਅੰਮਿ੍ਤਪਾਲ ਸਿੰਘ ਸੁਖਾਨੰਦ ਅਮਨਦੀਪ ਕੌਰ ਅਰੋੜਾ ਅਤੇ ਮਨਜੀਤ ਸਿੰਘ ਬਿਲਾਸਪੁਰ ਦੀ ਸਾਂਝੀ ਕਾਰਗੁਜ਼ਾਰੀ ਇਕ ਮਜ਼ਬੂਤ ਅਤੇ ਨਵੇਂ ਪੰਜਾਬ ਦੀ ਤਸਵੀਰ ਪੇਸ਼ ਕਰ ਰਹੀ ਹੈ | 17ਮੋਗਾ11