ਮੋਗਾ, 17 ਮਈ (ਗੁਰਤੇਜ ਸਿੰਘ ਬੱਬੀ)-ਸਥਾਨਕ ਸ਼ਹਿਰ ਮੋਗਾ ਦੇ ਗਿੱਲ ਰੋਡ ਸਥਿਤ ਗੁਰੂ ਅਰਜਨ ਦੇਵ ਨਗਰ ਵਿਚ ਐਤਵਾਰ ਸਵੇਰੇ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਇਕ ਘਰ ਵਿਚ ਭਿਆਨਕ ਅੱਗ ਲੱਗ ਗਈ | ਅੱਗ ਇੰਨੀ ਤੇਜ਼ੀ ਨਾਲ ਫੈਲੀ ਕੇ ਘਰ ਵਿਚ ਸੁੱਤੇ ਪਏ ਪਰਿਵਾਰ ਨੂੰ ਜਾਨ ਬਚਾਉਣ ਲਈ ਭੱਜ ਕੇ ਬਾਹਰ ਨਿਕਲਣਾ ਪਿਆ | ਇਸ ਹਾਦਸੇ ਵਿਚ ਭਾਵੇਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ | ਘਟਨਾ ਸਵੇਰੇ ਕਰੀਬ ਸਾਢੇ ਪੰਜ ਵਜੇ ਦੀ ਦੱਸੀ ਜਾ ਰਹੀ ਹੈ | ਘਰ ਵਿਚ ਰਹਿੰਦੇ ਵਿਸ਼ਾਲ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਏ.ਸੀ. ਅਤੇ ਫ਼ਰਿਜ ਦਾ ਕੰਮ ਕਰਦੇ ਹਨ | ਸਵੇਰੇ ਉਨ੍ਹਾਂ ਨੂੰ ਕੁਝ ਸੜਨ ਦੀ ਬੂ ਆਈ | ਜਦੋਂ ਉਹ ਕਮਰੇ ਤੋਂ ਬਾਹਰ ਨਿਕਲੇ ਤਾਂ ਵੇਖਿਆ ਕਿ ਘਰ ਅੱਗ ਦੀਆਂ ਲਪਟਾਂ ਵਿਚ ਘਿਰਿਆ ਹੋਇਆ ਸੀ | ਉਸ ਵੇਲੇ ਬੱਚੇ ਕਮਰੇ ਵਿਚ ਸੁੱਤੇ ਹੋਏ ਸਨ, ਜਿਨ੍ਹਾਂ ਨੂੰ ਬੜੀ ਮੁਸਕਲ ਨਾਲ ਬਾਹਰ ਕੱਢਿਆ ਗਿਆ | ਉਨ੍ਹਾਂ ਦੱਸਿਆ ਕਿ ਕੁਝ ਹੀ ਸਮੇਂ ਵਿਚ ਅੱਗ ਨੇ ਭਿਆਨਕ ਰੂਪ ਧਾਰ ਲਿਆ ਅਤੇ ਬਾਹਰ ਪਏ ਪੁਰਾਣੇ ਏ.ਸੀ. ਤੇ ਫ਼ਰਿਜ ਵੀ ਅੱਗ ਦੀ ਲਪੇਟ ਵਿਚ ਆ ਗਏ | ਅੱਗ ਕਾਰਨ ਘਰ ਦੇ ਬੈੱਡ, ਕੱਪੜੇ, ਅਲਮਾਰੀਆਂ ਅਤੇ ਹੋਰ ਘਰੇਲੂ ਸਾਮਾਨ ਸੜ ਕੇ ਰਾਖ ਹੋ ਗਿਆ | ਅਲਮਾਰੀ ਵਿਚ ਰੱਖੀ ਕਰੀਬ 2 ਲੱਖ ਰੁਪਏ ਦੀ ਨਕਦੀ ਵੀ ਅੱਗ ਵਿਚ ਸੜ ਗਈ | ਵਿਸ਼ਾਲ ਕੁਮਾਰ ਮੁਤਾਬਿਕ ਉਹ ਇਸ ਮਕਾਨ ਵਿਚ ਕਿਰਾਏ 'ਤੇ ਰਹਿੰਦੇ ਸਨ ਅਤੇ ਇਸ ਹਾਦਸੇ ਨਾਲ ਕਰੀਬ 15 ਤੋਂ 20 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ | ਘਟਨਾ ਦੀ ਸੂਚਨਾ ਮਿਲਦਿਆਂ ਹੀ ਇਲਾਕਾ ਵਾਸੀ ਮੌਕੇ 'ਤੇ ਪਹੁੰਚ ਗਏ ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਲੱਗੇ | ਇਸ ਦੌਰਾਨ ਫਾਇਰ ਬਿ੍ਗੇਡ ਦੀ ਟੀਮ ਵੀ ਮੌਕੇ 'ਤੇ ਪਹੁੰਚੀ ਅਤੇ ਕਾਫੀ ਮਸ਼ੱਕਤ ਮਗਰੋਂ ਅੱਗ 'ਤੇ ਕਾਬੂ ਪਾਇਆ ਗਿਆ | ਮੁਹੱਲੇ ਦੇ ਮੌਜੂਦਾ ਕੌਂਸਲਰ ਦਵਿੰਦਰ ਸਿੰਘ ਸਿੰਘ ਤਿਵਾੜੀ ਨੇ ਦੱਸਿਆ ਕਿ ਮੁਹੱਲਾ ਵਾਸੀਆਂ ਵਲੋਂ ਤੁਰੰਤ ਫਾਇਰ ਬਿ੍ਗੇਡ ਨੂੰ ਸੂਚਨਾ ਦਿੱਤੀ ਗਈ ਸੀ, ਪਰ ਅੱਗ ਜ਼ਿਆਦਾ ਹੋਣ ਕਾਰਨ ਘਰ ਦਾ ਲਗਭਗ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ |