ਨੱਥੂਵਾਲਾ ਗਰਬੀ, 17 ਮਈ (ਨਵਦੀਪ ਸਿੰਘ)-ਪਿਛਲੇ ਦਿਨੀਂ ਬੀ.ਬੀ.ਐਮ.ਬੀ. 'ਚੋਂ ਪੰਜਾਬ ਦੀ ਸਥਾਈ ਮੈਂਬਰੀ ਖ਼ਤਮ ਕਰਨ ਵਿਰੁੱਧ ਰਾਜਪਾਲ ਭਵਨ ਵੱਲ ਕੂਚ ਕਰ ਰਹੇ ਕਿਸਾਨਾਂ 'ਤੇ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਦਾਗੇ ਗਏ ਅਤੇ ਉਸ ਨਾਲ ਕਈ ਕਿਸਾਨ ਜ਼ਖਮੀ ਹੋਏ ਅਤੇ ਕਈ ਕਿਸਾਨ ਬੀਬੀਆਂ ਵੀ ਜ਼ਖਮੀ ਹੋਈਆਂ | ਦੇਸ਼ ਦੇ ਅੰਨਦਾਤਾ ਕਹਾਉਣ ਵਾਲੇ ਕਿਸਾਨਾਂ 'ਤੇ ਜਬਰ ਕਰਨਾ ਬਹੁਤ ਹੀ ਮੰਦਭਾਗਾ ਹੈ | ਇਹ ਪ੍ਰਗਟਾਵਾ ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਤੋਂ ਸੀਨੀ. ਕਾਂਗਰਸੀ ਆਗੂ ਜਗਸੀਰ ਸਿੰਘ ਕਾਲੇਕੇ ਅਤੇ ਕਾਂਗਰਸ ਦੇ ਬਲਾਕ ਪ੍ਰਧਾਨ ਗੁਰਤੇਜ ਸਿੰਘ ਨੱਥੂਵਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਕੇਂਦਰ ਵਲੋਂ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਜਾਰੀ ਰੱਖਿਆ ਹੋਇਆ ਹੈ ਅਤੇ ਕੋਈ ਵੀ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਹੈ ਤਾਂ ਉਸ ਨੂੰ ਕੁੱਟਮਾਰ ਕਰਕੇ ਭਜਾਇਆ ਜਾਂਦਾ ਹੈ ਅਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿਚੋਂ ਪੰਜਾਬ ਦੀ ਸਥਾਈ ਮੈਂਬਰਸ਼ਿਪ ਖ਼ਤਮ ਕਰਨਾ ਬਹੁਤ ਹੀ ਗਲਤ ਕਦਮ ਹੈ | ਇਸ ਸਮੇਂ ਉਨ੍ਹਾਂ ਦੇ ਨਾਲ ਗਗਨ ਸਰਪੰਚ ਨਿਗਾਹਾ, ਸੁੱਖਾ ਸਿੰਘ ਲੰਗੇਆਣਾ, ਕਾਕਾ ਸਿੰਘ ਆਲਮ ਵਾਲਾ, ਸ਼ਸ਼ੀ ਐਮ.ਸੀ. ਬਾਘਾ ਪੁਰਾਣਾ, ਸੁਖਦੀਪ ਸਿੰਘ ਸੀਪਾ ਰਾਜੇਆਣਾ ਅਤੇ ਹੋਰ ਕਈ ਕਾਂਗਰਸੀ ਵਰਕਰ ਹਾਜ਼ਰ ਸਨ |