ਮੋਗਾ, 17 ਮਈ (ਅਸ਼ੋਕ ਬਾਂਸਲ)-ਅੱਜ ਗੱਲਾਂ ਮਜ਼ਦੂਰ ਯੂਨੀਅਨ ਮੋਗਾ ਵਲੋਂ ਮੰਡੀ ਦੇ ਵਿਚ ਖਰੀਦੀ ਹੋਈ ਸਰਕਾਰੀ ਕਣਕ ਦੀਆਂ ਬੋਰੀਆਂ ਦੀ ਚੁਕਾਈ ਨਾ ਹੋਣ ਤੇ ਧਰਨਾ ਲਾ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਉਨ੍ਹਾਂ ਕਿਹਾ ਕਿ ਮੰਡੀ ਦੇ ਵਿਚ ਟਰੱਕ ਨਹੀਂ ਆ ਰਹੇ ਜਿਸ ਕਾਰਨ ਮੰਡੀ ਦੇ ਵਿਚ ਬੋਰੀਆਂ ਦੀ ਲਿਫ਼ਟਿੰਗ ਦਾ ਕੰਮ ਨਹੀਂ ਹੋ ਰਿਹਾ | ਇਸ ਮੌਕੇ ਇਕੱਤਰ ਹੋਏ ਸਮੂਹ ਗੱਲਾਂ ਮਜ਼ਦੂਰ ਰਾਜੂ ਸਿੰਘ, ਦਰਸ਼ਨ ਸਿੰਘ, ਕੁਲਦੀਪ ਸਿੰਘ, ਹਰੀ ਸਿੰਘ, ਵੀਰ ਸਿੰਘ ਅਤੇ ਪਵਨਦੀਪ ਨੇ ਕਿਹਾ ਕਿ ਕਣਕ ਦੀ ਸਰਕਾਰੀ ਖ਼ਰੀਦ 14 ਅਪ੍ਰੈਲ ਤੋਂ ਸ਼ੁਰੂ ਹੋਈ ਸੀ ਪਰ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਅਤੇ ਸਰਕਾਰ ਵਲੋਂ ਅਜੇ ਤੱਕ ਮੰਡੀਆਂ ਵਿਚੋਂ ਕਣਕ ਦੀਆ ਬੋਰੀਆਂ ਦੀ ਲਿਫ਼ਟਿੰਗ ਨਹੀਂ ਕਰਵਾਈ ਜਾ ਸਕੀ | ਉਨ੍ਹਾਂ ਕਿਹਾ ਕਿ ਇਸ ਕਣਕ ਦੀਆਂ ਬੋਰੀਆਂ ਤੇ ਕਈ ਵਾਰ ਮੀਂਹ ਪੈ ਚੁੱਕਿਆ ਹੈ ਜਿਸ ਨਾਲ ਬਾਰਦਾਨਾ ਬਹੁਤ ਖ਼ਰਾਬ ਹੋ ਗਿਆ ਹੈ | ਲੇਬਰ ਵਲੋਂ ਇਨ੍ਹਾਂ ਬੋਰੀਆਂ ਦੀ ਸਾਂਭ ਸੰਭਾਲ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਰਾਤ ਨੂੰ ਹਰ ਰੋਜ਼ ਚੋਰ ਮੰਡੀਆਂ ਵਿਚ ਆ ਕੇ ਉਨ੍ਹਾਂ ਦੀਆਂ ਬੋਰੀਆਂ ਚੋਰੀ ਕਰਕੇ ਲੈ ਜਾਂਦੇ ਹਨ | ਉਨ੍ਹਾਂ ਕਿਹਾ ਕਿ ਇਨ੍ਹਾਂ ਕਣਕ ਦੀਆਂ ਬੋਰੀਆਂ ਦੀ ਚੁਕਾਈ ਨਾ ਹੋਣ ਕਰਕੇ ਇਹ ਸੁੱਕ ਕੇ ਇਨ੍ਹਾਂ ਵਿਚ ਕਟੌਤੀ ਆ ਰਹੀ ਹੈ, ਜੋ ਅਸੀਂ ਦੇਣ ਵਿਚ ਅਸਮਰਥ ਹਾਂ ਇਹ ਕਟੌਤੀ ਟਰੱਕ ਯੂਨੀਅਨ ਅਤੇ ਲੇਬਰ ਠੇਕੇਦਾਰ ਤੇ ਪਾਈ ਜਾਵੇ ਕਿਉਂਕਿ ਲੇਬਰ ਠੇਕੇਦਾਰ ਉਤਰਾਈ ਲਈ ਲੇਬਰ ਨਹੀਂ ਦੇ ਰਿਹਾ ਜੋ ਮੰਡੀਆਂ ਵਿਚ ਵੱਡੀ ਪ੍ਰੇਸ਼ਾਨੀ ਦਾ ਕਾਰਨ ਬਣੀ ਹੈ | ਉਨ੍ਹਾਂ ਟਰੱਕ ਯੂਨੀਅਨ 'ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਟਰੱਕ ਯੂਨੀਅਨ ਵਲੋਂ ਜੋ ਟਰੱਕ ਮੰਡੀ ਦੇ ਵਿਚ ਲਦਾਈ ਲਈ ਭੇਜੇ ਜਾ ਰਹੇ ਹਨ ਉਹ 1500 ਰੁਪਏ ਦੀ ਮਜ਼ਦੂਰਾਂ ਤੋਂ ਮੰਗ ਕਰਦੇ ਹਨ | ਉਨ੍ਹਾਂ ਕਿਹਾ ਕਿ ਜੋ ਕਣਕ ਦੀਆਂ ਬੋਰੀਆਂ ਭਰੀਆਂ ਹੋਈਆਂ ਮੰਡੀ ਵਿਚ ਪਈਆਂ ਹਨ ਉਹ ਹੁਣ ਖ਼ਰਾਬ ਹੋ ਰਹੀਆਂ ਹਨ | ਉਨ੍ਹਾਂ ਕਿਹਾ ਕਿ ਸਰਕਾਰ 72 ਘੰਟਿਆਂ ਦੇ ਵਿਚੋਂ ਕਣਕ ਮੰਡੀਆਂ ਵਿਚੋਂ ਚੁਕਾਉਣ ਦਾ ਦਾਅਵਾ ਕਰਦੀ ਹੈ, ਪਰ ਹੁਣ ਤਾਂ ਇਕ ਮਹੀਨਾ ਹੋ ਗਿਆ | ਉਨ੍ਹਾਂ ਕਿਹਾ ਕਿ ਜੋ ਟਰੱਕ ਅਸੀਂ ਮੰਡੀ ਵਿਚੋਂ ਕਣਕ ਦੇ ਭਰ ਕੇ ਭੇਜਦੇ ਹਾਂ ਉਸ ਨੂੰ ਵੀ ਉਤਾਰਨ ਵਿਚ ਅਡਾਨੀ ਸਾਈਲੋ ਵਿਖੇ ਆਨਾਕਾਨੀ ਕੀਤੀ ਜਾ ਰਹੀ ਹੈ ਅਤੇ ਕਈ ਵਾਰ ਇਨ੍ਹਾਂ ਟਰੱਕਾਂ ਨੂੰ ਨਾ ਉਤਾਰ ਕੇ ਵਾਪਸ ਭੇਜ ਮੰਡੀ ਵਿਚ ਭੇਜ ਦਿੱਤਾ ਜਾਂਦਾ ਹੈ | ਜਿਸ ਨਾਲ ਅਸੀਂ ਬੜੀ ਪ੍ਰੇਸ਼ਾਨੀ ਦੇ ਦੌਰ 'ਚੋ ਗੁਜ਼ਰ ਰਹੇ ਹਾਂ | ਉਨ੍ਹਾਂ ਮੋਗਾ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੂੰ ਅਪੀਲ ਕੀਤੀ ਕਿ ਮੰਡੀ ਵਿਚ ਪਈ ਕਣਕ ਨੂੰ ਜਲਦੀ ਤੋਂ ਜਲਦੀ ਚੁਕਵਾਇਆ ਜਾਵੇ | ਮਜ਼ਦੂਰਾਂ ਨੇ ਕਿਹਾ ਕਿ ਜੇਕਰ ਮੰਡੀ ਵਿਚੋਂ ਲਿਫ਼ਟਿੰਗ ਜਲਦੀ ਸ਼ੁਰੂ ਨਾ ਕੀਤੀ ਗਈ ਤਾਂ ਕੱਲ੍ਹ ਤੋਂ ਪੱਕਾ ਧਰਨਾ ਲਗਾਇਆ ਜਾਵੇਗਾ | ਇਸ ਮੌਕੇ ਇੰਦਰਜੀਤ ਸਿੰਘ, ਧਰਮਵੀਰ ਸਿੰਘ, ਦਰਸ਼ਨ ਸਿੰਘ, ਤਰਸੇਮ ਸਿੰਘ ਭੱਟੀ, ਪੰਮਾ, ਸੰਦੀਪ ਸਿੰਘ, ਬਿੱਟਾ ਸਿੰਘ, ਸੁਖਦੇਵ ਸਿੰਘ ਅਤੇ ਕੁਲਦੀਪ ਸਿੰਘ ਆਦੀ ਨੇ ਸਰਕਾਰ ਤੋਂ ਇਸ ਨੂੰ ਜਲਦੀ ਤੋਂ ਜਲਦੀ ਚੁਕਾਉਣ ਦੀ ਮੰਗ ਕੀਤੀ |ੋਗ