ਮੋਗਾ, 19 ਮਈ (ਗੁਰਤੇਜ ਸਿੰਘ ਬੱਬੀ)-ਸਬ ਡਵੀਜ਼ਨ ਸਿਟੀ ਮੋਗਾ ਦੇ ਏਰੀਆ ਵਿਚ ਕਾਸੋ ਅਪ੍ਰੇਸ਼ਨ ਦੌਰਾਨ ਡਰੱਗ ਹਾਟ ਸਪਾਟ ਏਰੀਆ ਸਰਚ ਦੌਰਾਨ ਡਰੱਗ/ਸ਼ਰਾਬ ਸਬੰਧੀ ਇਕ ਮੁਕੱਦਮਾ ਦਰਜ ਕਰਕੇ ਇਕ ਦੋਸ਼ੀ ਨੂੰ ਕਾਬੂ ਕੀਤਾ ਗਿਆ ਅਤੇ ਉਸ ਪਾਸੋਂ 50 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ | ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਨੇ ਪੈੱ੍ਰਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਬ ਡਵੀਜ਼ਨ ਸਿਟੀ ਮੋਗਾ ਵਲੋਂ ਯੁੱਧ ਨਸ਼ਿਆਂ ਵਿਰੁੱਧ ਅਤੇ ਪਿੰਡ ਦੇ ਪਹਿਰੇ ਤਹਿਤ ਚਲਾਈ ਗਈ ਮੁਹਿੰਮ ਦੌਰਾਨ ਕਾਰਵਾਈ ਕਰਦਿਆਂ 13 ਮਈ 2026 ਤੋ 19 ਮਈ 2026 ਤੱਕ ਡਰੱਗ ਦੇ ਪੰਜ ਮੁਕੱਦਮੇ ਦਰਜ ਕਰਕੇ ਛੇ ਦੋਸ਼ੀਆਂ ਨੂੰ ਕਾਬੂ ਕਰਕੇ 83 ਗ੍ਰਾਮ ਹੈਰੋਇਨ ਅਤੇ 51 ਨਸ਼ੀਲਿਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ | ਸਬ ਡਵੀਜ਼ਨ ਸਿਟੀ ਮੋਗਾ ਏਰੀਆ ਵਿਚ ਚੋਰੀਆਂ ਕਰਨ ਵਾਲੇ ਦੋ ਦੋਸ਼ੀਆਂ ਰਣਜੀਤ ਸਿੰਘ ਉਰਫ਼ ਬੌਬੀ ਪੁੱਤਰ ਰੇਸ਼ਮ ਸਿੰਘ ਅਤੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਪੁੱਤਰ ਦਿਲਬਾਗ ਸਿੰਘ ਵਾਸੀਆਨ ਕਾਲੀਏ ਵਾਲਾ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਪਾਸੋਂ ਖੋਹ ਕੀਤੇ ਦੋ ਮੋਬਾਈਲ ਫ਼ੋਨ ਬਰਾਮਦ ਕਰਵਾਏ ਗਏ | ਜ਼ਿਲ੍ਹਾ ਪੁਲਿਸ ਮੁਖੀ ਨੇ ਲੋਕਾਂ ਨਸ਼ਾ ਵਿਰੋਧੀ ਮੁਹਿੰਮ ਵਿਚ ਸਹਿਯੋਗ ਦੇਣ ਲਈ ਅਪੀਲ ਕੀਤੀ | ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਪੰਚਾਇਤਾਂ/ਸਪੋਰਟਸ ਕਲੱਬਾਂ/ਮੋਹਤਵਾਰ ਪੁਰਸ਼ਾਂ ਨਾਲ ਮੀਟਿੰਗਾਂ/ਸੰਪਰਕ ਕਰਕੇ ਆਪ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ | ਇਸ ਅਰਸੇ ਦੌਰਾਨ ਕੁੱਲ 7 ਪਿੰਡਾਂ ਸ਼ਹਿਰਾਂ ਸੰਧੂਆਂ ਵਾਲਾ, ਐਮ.ਪੀ. ਬਸਤੀ ਲੰਢੇਕੇ, ਸੱਦਾ ਸਿੰਘ ਵਾਲਾ, ਬੁੱਕਣ ਵਾਲਾ, ਮਹੇਸ਼ਰੀ ਸੰਧੂਆਂ, ਡਰੋਲੀ ਭਾਈ, ਡਗਰੂ ਵਿਚ ਆਮ ਲੋਕਾਂ ਨਾਲ ਮੀਟਿੰਗਾਂ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ ਤੇ ਆਮ ਲੋਕਾਂ ਨੂੰ ਨਸ਼ੇ ਦਾ ਧੰਦਾ ਕਰਨ ਵਾਲੇ ਸਮਗਲਰਾਂ ਸਬੰਧੀ ਪੁਲਿਸ ਨੂੰ ਇਤਲਾਹਾਂ ਦੇਣ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਨਸ਼ੇ ਦੇ ਕੋਹੜ ਨੂੰ ਜੜ ਤੋ ਖ਼ਤਮ ਕੀਤਾ ਜਾ ਸਕੇ | ਨਸ਼ੇ ਦਾ ਧੰਦਾ ਕਰਨ ਵਾਲੇ ਮਾੜੇ ਅਨਸਰਾਂ ਖ਼ਿਲਾਫ਼ ਕਾਰਵਾਈ ਕਰਦਿਆਂ ਨਸ਼ਿਆਂ ਦੀ ਰੋਕਥਾਮ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ, ਨਸ਼ਿਆਂ ਖ਼ਿਲਾਫ਼ ਜੰਗ ਜਾਰੀ ਰਹੇਗੀ |