ਮੋਗਾ, 4 ਜੂਨ (ਗੁਰਤੇਜ ਸਿੰਘ ਬੱਬੀ)-ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੋਗਾ ਪੁਲਿਸ ਨੇ ਹੋਏ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ ਇਸ ਮਾਮਲੇ ਵਿਚ ਤਿੰਨ ਜਾਣਿਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਵਰਤਿਆ ਗਿਆ ਅਸਲਾ ਵੀ ਬਰਾਮਦ ਕਰ ਲਿਆ। ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਅਤੇ ਡੀ.ਐਸ.ਪੀ. ਧਰਮਕੋਟ ਸੁਖਵਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਮਿਤੀ 29 ਮਈ 2026 ਨੂੰ ਪਿੰਡ ਕਪੂਰੇ ਕੋਲ ਅਰਸ਼ਦੀਪ ਸਿੰਘ ਉਰਫ਼ ਅਰਸ਼ ਦਾ ਕਿਸੇ ਅਣਪਛਾਤਿਆਂ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਅਤੇ ਇਸ ਸਬੰਧੀ ਅਮਰਜੀਤ ਕੌਰ ਪਤਨੀ ਗੁਰਨਾਮ ਸਿੰਘ ਵਾਸੀ ਮਿੰਡਾ ਪੱਤੀ ਬੱਧਨੀ ਕਲਾਂ ਮ੍ਰਿਤਕ ਦੀ ਮਾਤਾ ਦੇ ਬਿਆਨਾਂ ‘ਤੇ ਮਿਤੀ 29 ਮਈ 2026 ਨੂੰ ਅਣਪਛਾਤਿਆਂ ‘ਤੇ ਥਾਣਾ ਮਹਿਣਾ ਵਿਖੇ ਅਧੀਨ ਧਾਰਾ 103, 3(5) ਬੀ.ਐਨ.ਐਸ. ਅਤੇ 25 ਆਰਮਜ਼ ਐਕਟ ਅਧੀਨ ਮੁਕੱਦਮਾ ਦਰਜ ਕੀਤਾ ਸੀ। ਇਸ ਕਤਲ ਦੀ ਗੁੱਥੀ ਨੂੰ ਸੁਲਝਾਉਣ ਲਈ ਐਸ.ਪੀ.ਡੀ. ਬਾਲ ਕ੍ਰਿਸ਼ਨ ਸਿੰਗਲਾ, ਗੁਰਪ੍ਰੀਤ ਸਿੰਘ ਸਰਾਂ ਡੀ.ਐਸ.ਪੀ.ਡੀ., ਡੀ.ਐਸ.ਪੀ. ਧਰਮਕੋਟ ਸੁਖਵਿੰਦਰ ਸਿੰਘ, ਸੀ.ਆਈ.ਏ. ਸਟਾਫ਼ ਮੋਗਾ ਦੇ ਇੰਚਾਰਜ ਇੰਸਪੈਕਟਰ ਦਲਜੀਤ ਸਿੰਘ ਬਰਾੜ ਅਤੇ ਥਾਣਾ ਮਹਿਣਾ ਦੇ ਮੁੱਖ ਅਫ਼ਸਰ ਇੰਸਪੈਕਟਰ ਗੁਰਸੇਵਕ ਸਿੰਘ ਆਦਿ ਦੀਆਂ ਟੀਮਾਂ ਇਸ ਮਾਮਲੇ ਦੀ ਤਫ਼ਤੀਸ਼ ਵਿਚ ਲੱਗੀਆਂ ਹੋਈਆਂ ਸਨ। ਦੌਰਾਨੇ ਤਫ਼ਤੀਸ਼ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਅਤੇ ਵਿਗਿਆਨਕ ਤੇ ਤਕਨੀਕੀ ਤਰੀਕਿਆਂ ਦੀ ਮਦਦ ਨਾਲ ਮੁਕੱਦਮੇ ਦੇ ਦੋਸ਼ੀਆਂ ਜਗਜੀਤ ਸਿੰਘ ਉਰਫ਼ ਗੱਗੀ ਵਾਸੀ ਝੰਡੇਵਾਲਾ ਅਤੇ ਹਰਕੋਮਲਪ੍ਰੀਤ ਸਿੰਘ ਉਰਫ਼ ਬਿੱਲਾ ਵਾਸੀ ਬੱਧਨੀ ਖ਼ੁਰਦ ਹਾਲ ਆਬਾਦ ਖਾਈ ਜ਼ਿਲ੍ਹਾ ਮੋਗਾ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਪਾਸੋਂ ਵਾਰਦਾਤ ਸਮੇਂ ਵਰਤਿਆ ਗਿਆ ਮੋਟਰਸਾਈਕਲ ਤੇ ਪਿਸਤੌਲ ਬਰਾਮਦ ਕਰ ਲਿਆ। ਦੋਸ਼ੀਆਂ ਕੋਲੋਂ ਮੁੱਢਲੀ ਪੁੱਛਗਿੱਛ ਦੌਰਾਨ ਇਸ ਮਾਮਲੇ ਵਿਚ ਜਗਸੀਰ ਸਿੰਘ ਉਰਫ਼ ਲੱਭਾ ਵਾਸੀ ਪਿੰਡ ਕੁੱਸਾ ਨੂੰ ਵੀ ਨਾਮਜ਼ਦ ਕਰ ਕੇ ਗ੍ਰਿਫ਼ਤਾਰ ਕਰ ਲਿਆ। ਦੋਸ਼ੀ ਦੋ ਦਿਨਾਂ ਪੁਲਿਸ ਰਿਮਾਂਡ ‘ਤੇ ਹਨ।