ਮੋਗਾ, 4 ਜੂਨ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਹੋਈਆਂ ਨਗਰ ਨਿਗਮ ਦੀਆਂ ਚੋਣਾਂ ਵਿਚ ਸੱਤਾਧਾਰੀ ਸਰਕਾਰ ਨੇ ਧੱਕੇਸ਼ਾਹੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਵੋਟਾਂ ਪੈਣ ਤੋਂ ਲੈ ਕੇ ਵੋਟਾਂ ਦੀ ਗਿਣਤੀ ਤੱਕ ਜੋ ਧੱਕਾ ਖ਼ਾਸ ਕਰ ਕੇ ਕਾਂਗਰਸ ਦੇ ਉਮੀਦਵਾਰਾਂ ਨਾਲ ਕੀਤਾ ਗਿਆ। ਉਸ ਨਾਲ ਲੋਕਤੰਤਰ ਦਾ ਰਾਗ ਅਲਾਪਣ ਵਾਲੀ ਸਰਕਾਰ ਨੇ ਖ਼ੁਦ ਹੀ ਲੋਕਤੰਤਰ ਦਾ ਘਾਣ ਕੀਤਾ ਅਤੇ ਜੋ ਧੱਕੇਸ਼ਾਹੀ ਨਗਰ ਨਿਗਮ ਦੀਆਂ ਚੋਣਾਂ ਵਿਚ ਕੀਤੀ ਗਈ ਹੈ। ਇਸ ਧੱਕੇਸ਼ਾਹੀ ਖ਼ਿਲਾਫ਼ ਲੋਕ ਹੁਣ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਦੇਣਗੇ ਅਤੇ ਆਪ ਸਰਕਾਰ ਨੂੰ ਚੱਲਦਾ ਕਰ ਕੇ ਸੂਬੇ ਦੇ ਲੋਕ ਕਾਂਗਰਸ ਦੀ ਸਰਕਾਰ ਲਿਆਉਣਗੇ। ਇਹ ਪ੍ਰਗਟਾਵਾ ਕਾਂਗਰਸ ਦੇ ਹਲਕਾ ਇੰਚਾਰਜ ਮੋਗਾ ਮਾਲਵਿਕਾ ਸੂਦ ਸੱਚਰ ਨੇ ‘ਅਜੀਤ’ ਉਪ ਦਫ਼ਤਰ ਮੋਗਾ ਪੁੱਜ ਕੇ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੀਆਂ ਚੋਣਾਂ ਵਿਚ ਲੋਕਤੰਤਰ ਦੇ ਇਤਿਹਾਸ ਵਿਚ ਇਹ ਪਹਿਲੀ ਮਰਤਬਾ ਹੋਇਆ ਕਿ ਸੱਤਾਧਾਰੀ ਸਰਕਾਰ ਨੇ ਸ਼ਾਮ ਦਾਮ ਦੰਡ ਭੇਦ ਹਰ ਹਰਬਾ ਚੋਣਾਂ ਜਿੱਤਣ ਲਈ ਵਰਤਿਆ ਅਤੇ ਵੋਟ ਬਕਸਿਆਂ ਦੀਆਂ ਸੀਲਾਂ ਟੁੱਟੀਆਂ ਮਿਲੀਆਂ ਅਤੇ ਵਿਰੋਧੀ ਧਿਰਾਂ ਦੀਆਂ ਪਾਰਟੀਆਂ ਖ਼ਾਸ ਕਰ ਕੇ ਕਾਂਗਰਸ ਦੇ ਜਿੱਤਦੇ ਉਮੀਦਵਾਰਾਂ ਨੂੰ ਬੁਰੀ ਤਰ੍ਹਾਂ ਜਾਣ ਬੁੱਝ ਕੇ ਵੋਟਾਂ ਬੰਡਲਾਂ ਵਿਚ ਹੇਰਾਫੇਰੀ ਕਰ ਕੇ ਹਰਾਇਆ ਗਿਆ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੀਆਂ ਚੋਣਾਂ ਵਿਚ ਸੱਤਾਧਾਰੀ ਸਰਕਾਰ ਆਪਣੀ ਹਾਰ ਕਬੂਲ ਕਰ ਚੁੱਕੀ ਸੀ ਇਸ ਲਈ ਉਨ੍ਹਾਂ ਨੇ ਧੱਕੇਸ਼ਾਹੀ ਨਾਲ ਇਹ ਚੋਣਾਂ ਜਿੱਤੀਆਂ। ਉਨ੍ਹਾਂ ਕਿਹਾ ਕਿ ਅੱਜ ਆਪ ਸਰਕਾਰ ਦੇ ਰਾਜ ਵਿਚ ਹਰ ਵਰਗ ਸਰਕਾਰ ਦੀਆਂ ਨੀਤੀਆਂ ਤੋਂ ਦੁਖੀ ਹੈ ਅਤੇ ਸੂਬੇ ਦੇ ਮੁੱਖ ਮੰਤਰੀ ਨਿੱਜੀ ਰੰਜਸ਼ਾਂ ਕੱਢਣ ਵਿਚ ਹੀ ਮਸਰੂਫ਼ ਰਹੇ ਅਤੇ ਦਿੱਲੀ ਵਾਲੇ ਅਰਵਿੰਦ ਕੇਜਰੀਵਾਲ ਤੇ ਉਨ੍ਹਾਂ ਦੀ ਜੁੰਡਲੀ ਸੂਬੇ ਦੇ ਪੈਸੇ ਨੂੰ ਲੁੱਟਦੇ ਰਹੇ ਜਦ ਕਿ ਲੋਕ ਬੁਨਿਆਦੀ ਸਹੂਲਤਾਂ ਨੂੰ ਤਰਸਦੇ ਰਹੇ ਅਤੇ ਅੱਜ ਹਾਲਾਤ ਇਹ ਹਨ ਕਿ ਸੂਬੇ ਵਿਚ ਅਮਨ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਵਿਗੜੀ ਹੋਈ ਹੈ। ਸ਼ਰੇਆਮ ਗੁੰਡਾ ਅਨਸਰਾਂ ਵਲੋਂ ਲੋਕਾਂ ਨੂੰ ਗੋਲੀਆਂ ਨਾਲ ਭੁੰਨ ਕੇ ਮਾਰਿਆ ਜਾ ਰਿਹਾ ਹੈ। ਨਸ਼ੇ ਦੇ ਸੌਦਾਗਰ ਇਨ੍ਹਾਂ ਦੀ ਸਰਪ੍ਰਸਤੀ ਹੇਠ ਧੜੱਲੇ ਨਾਲ ਚਿੱਟਾ ਨਸ਼ਾ ਵੇਚ ਰਹੇ ਹਨ ਅਤੇ ਸਰਕਾਰ ਯੁੱਧ ਨਸ਼ਿਆਂ ਵਿਰੁੱਧ ਦੇ ਝੂਠੇ ਦਮਗਜੇ ਮਾਰ ਰਹੀ ਹੈ ਅਤੇ ਆਏ ਦਿਨ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ ਅਤੇ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੇ ਡਰ ਅਤੇ ਸਹਿਮ ਦੇ ਮਾਹੌਲ ਵਿਚ ਜੀ ਰਹੇ ਹਨ। ਮਾਲਵਿਕਾ ਸੂਦ ਸੱਚਰ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਆਉਣ ‘ਤੇ ਸੂਬੇ ਨੂੰ ਵਿਕਾਸ, ਖ਼ੁਸ਼ਹਾਲੀ ਵੱਲ ਲਿਜਾਣ ਦੇ ਨਾਲ ਸੂਬੇ ਅੰਦਰ ਸਦਭਾਵਨਾ ਦਾ ਮਾਹੌਲ ਸਿਰਜਿਆ ਜਾਵੇਗਾ ਤੇ ਹਰ ਵਰਗ ਲਈ ਰਾਜਨੀਤੀ ਤੋਂ ਉੱਪਰ ਉੱਠ ਕੇ ਕੰਮ ਕੀਤਾ ਜਾਵੇਗਾ। ਉਨ੍ਹਾਂ ਮੋਗਾ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਮੋਗਾ ਹਲਕੇ ਦਾ ਵਿਕਾਸ ਕਰਵਾਉਣਾ ਹੈ ਤਾਂ ਹਲਕਾ ਮੋਗਾ ਤੋਂ ਉਨ੍ਹਾਂ ਦਾ ਸਾਥ ਦਿੱਤਾ ਜਾਵੇ ਤੇ ਉਹ ਵਿਸ਼ਵਾਸ ਦਿਵਾਉਂਦੇ ਹਨ ਕਿ ਹਲਕੇ ਦੇ ਲੋਕਾਂ ਦੀਆਂ ਉਮੀਦਾਂ ‘ਤੇ ਖਰੇ ਉੱਤਰਨਗੇ।